ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੁਲਾਈ
ਸ਼ਹਿਰ ਦੀ ਸ਼ਿਵਮ ਕਲੋਨੀ ’ਚ ਅੱਜ ਸਵੇਰੇ ਪੰਜਾਬ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ (ਏਐੱਸਆਈ ) ਅਤੇ ਉਸ ਦੇ ਨੌਜਵਾਨ ਪੁੱਤਰ ਦੀ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਏਐੱਸਆਈ ਸਿਟੀ ਟਰੈਫ਼ਿਕ ਪੁਲੀਸ ਵਿੱਚ ਤਾਇਨਾਤ ਸੀ। ਪੰਜਾਬ ਪੁਲੀਸ ਦਾ ਏਐੱਸਆਈ ਹੇਮ ਰਾਜ ਸ਼ਰਮਾ ਸ਼ਹਿਰ ਦੀ ਸ਼ਿਵਮ ਕਲੋਨੀ ਵਿੱਚ ਰਹਿੰਦਾ ਸੀ। ਅੱਜ ਸਵੇਰੇ ਕਰੀਬ ਸੱਤ ਵਜੇ ਘਰ ਵਿਚ ਉਸ ਦਾ ਪੁੱਤਰ ਜਸਵਿੰਦਰ ਸ਼ਰਮਾ ਪਸ਼ੂ ਨਹਾ ਰਿਹਾ ਸੀ। ਉਨ੍ਹਾਂ ਵੱਛੀ ਟੋਕੇ ਵਾਲੀ ਮਸ਼ੀਨ ਨਾਲ ਬੰਨ੍ਹੀ ਹੋਈ ਸੀ ਜਿਸ ਉਪਰ ਬਿਜਲੀ ਦੀ ਮੋਟਰ ਫਿੱਟ ਕੀਤੀ ਹੋਈ ਸੀ। ਵੱਛੀ ਵੱਲੋਂ ਸੰਗਲ ਖਿੱਚੇ ਜਾਣ ਕਾਰਨ ਬਿਜਲੀ ਦੀ ਮੋਟਰ ਦੀ ਤਾਰ ਲੋਹੇ ਦੀ ਮਸ਼ੀਨ ਨਾਲ ਟਕਰਾ ਗਈ। ਇਸ ਕਾਰਨ ਮਸ਼ੀਨ ’ਚ ਕਰੰਟ ਆ ਗਿਆ। ਜਿਸ ਨੇ ਵੱਛੀ ਨੂੰ ਆਪਣੀ ਲਪੇਟ ’ਚ ਲੈ ਗਿਆ। ਜਿਉਂ ਹੀ ਜਸਵਿੰਦਰ ਸ਼ਰਮਾ (22) ਵੱਛੀ ਨੂੰ ਚੁੱਕਣ ਲੱਗਿਆ ਤਾਂ ਉਸ ਨੂੰ ਕਰੰਟ ਲੱਗ ਲਿਆ। ਮੌਕੇ ’ਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਇਆ ਹੇਮ ਰਾਜ ਸ਼ਰਮਾ (52) ਵੀ ਬਿਜਲੀ ਦੇ ਕਰੰਟ ਦਾ ਸ਼ਿਕਾਰ ਹੋ ਗਿਆ। ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਕਰੀਬ ਸਵਾ ਕੁ ਮਹੀਨਾ ਪਹਿਲਾਂ ਹੀ ਹੇਮ ਰਾਜ ਸ਼ਰਮਾ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ। ਕਰੀਬ ਵੀਹ ਕੁ ਦਿਨ ਪਹਿਲਾਂ ਇਸ ਨੇ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਹੈ। ਦੋਵੇਂ ਪਿਤਾ-ਪੁੱਤਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੰਗਰੂਰ ਪੁਲੀਸ ਦੀ ਟੁਕੜੀ ਨੇ ਏਐੱਸਆਈ ਹੇਮ ਰਾਜ ਸ਼ਰਮਾ ਨੂੰ ਸਲਾਮੀ ਦਿੱਤੀ।