ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 23 ਜੂਨ
ਕਸਬਾ ਮੱਖੂ ਦੇ ਪਿੰਡ ਘੁੱਦੂ ਵਾਲਾ ਵਿੱਚ ਪਿਉ-ਪੁੱਤਰ ਦੀ ਲੜਾਈ ਦੌਰਾਨ ਚੱਲੀ ਗੋਲੀ ਕਾਰਨ ਇਕ 13 ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਬਜ਼ੁਰਗ ਕੇਹਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪਰਮਜੀਤ ਸਿੰਘ ਲੁਧਿਆਣਾ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ ਅੱਜ ਤੱਕ ਉਸ ਨੇ ਘਰ ਵਿੱਚ ਕਦੇ ਕੋਈ ਪੈਸਾ ਨਹੀਂ ਦਿੱਤਾ। ਪਰਮਜੀਤ ਜ਼ਮੀਨ ਵਿੱਚੋਂ ਹਿੱਸਾ ਲੈਣ ਲਈ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। ਅੱਜ ਸਵੇਰੇ ਪਰਮਜੀਤ ਤੇ ਉਸ ਦੇ ਪਿਤਾ ਕੇਹਰ ਸਿੰਘ ਦੀ ਫ਼ਿਰ ਤੋਂ ਲੜਾਈ ਹੋਈ ਤੇ ਪਰਮਜੀਤ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਤਾ ’ਤੇ ਫ਼ਾਇਰ ਕਰ ਦਿੱਤਾ। ਇਹ ਗੋਲੀ ਪਰਮਜੀਤ ਦੇ ਪੁੱਤਰ ਮਹਿਕਪ੍ਰੀਤ ਸਿੰਘ ਦੀ ਛਾਤੀ ਵਿੱਚ ਜਾ ਵੱਜੀ। ਇਸ ਕਾਰਨ ਮਹਿਕਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਪਰਮਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਮਗਰੋਂ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ।