ਪੱਤਰ ਪ੍ਰੇਰਕ
ਬੱਲੂਆਣਾ (ਅਬੋਹਰ), 21 ਜੁਲਾਈ
ਕੌਮੀ ਰਾਜਮਾਰਗ ਅਬੋਹਰ-ਸ੍ਰੀ ਗੰਗਾਨਗਰ ’ਤੇ ਤੜਕੇ ਹੋਏ ਸੜਕ ਹਾਦਸੇ ਵਿਚ ਪਿਓ-ਪੁੱਤਰ ਦੀ ਮੌਤ ਹੋ ਗਈ। ਥਾਣਾ ਖੂਈਆਂ ਸਰਵਰ ਦੀ ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਰੱਖੀਆਂ ਹਨ। ਮਾਮਲੇ ਦੀ ਪੜਤਾਲ ਕਰ ਰਹੇ ਪੁਲੀਸ ਚੌਕੀ ਕੱਲਰ ਖੇੜਾ ਦੇ ਇੰਚਾਰਜ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਟਾਹਲੀ ਵਾਲਾ ਵਾਸੀ ਕਾਲੂ ਰਾਮ ਆਪਣੇ ਬੇਟੇ ਮੰਗਤ ਰਾਮ ਨਾਲ ਕਾਰ ’ਤੇ ਸਵਾਰ ਹੋ ਕੇ ਗੰਗਾਨਗਰ ਤੋਂ ਅਬੋਹਰ ਵੱਲ ਆ ਰਿਹਾ ਸੀ ਕਿ ਪਿੰਡ ਉਸਮਾਨ ਖੇੜਾ ਨੇੜੇ ਅਬੋਹਰ ਵਾਲੇ ਪਾਸਿਓਂ ਜਾ ਰਹੇ ਇਕ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੰਗਤ ਰਾਮ ਅਤੇ ਕਾਲੂ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਘਟਨਾ ਸਥਾਨ ’ਤੇ ਪੁੱਜੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ।