ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਮਈ
ਪਿੰਡ ਹਾਮਝੇੜੀ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਬੁੱਧਵਾਰ ਦੇਰ ਰਾਤ ਭਤੀਜੇ ਵੱਲੋਂ ਆਪਣੇ ਚਾਚੇ ਅਤੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਦਿਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ। ਮੁੱਢਲੀ ਤਫਤੀਸ਼ ਮਗਰੋਂ ਪੁਲੀਸ ਨੇ ਇਸ ਮਾਮਲੇ ’ਚ ਦੋ ਸਕੇ ਭਰਾਵਾਂ ਤੇ ਉਨ੍ਹਾਂ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।
ਐੱਸਪੀ ਟਰੈਫਿਕ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਹਾਮਝੇੜੀ ਦੇ ਕਰਨੈਲ ਸਿੰਘ ਦਾ ਆਪਣੇ ਭਰਾ ਬਲਵੀਰ ਸਿੰਘ ਨਾਲ ਡੇਢ ਏਕੜ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਸੀ। ਇਸੇ ਦੌਰਾਨ ਲੰਘੀ ਰਾਤ ਲੱਗਪਗ ਦਸ ਵਜੇ ਕਰਨੈਲ ਸਿੰਘ ਦੇ ਪੁੱਤਰ ਨੇ ਆਪਣੇ ਚਾਚੇ ਬਲਵੀਰ ਸਿੰਘ ਅਤੇ ਚਚੇਰੇ ਭਰਾ ਚਰਨਜੀਤ ਸਿੰਘ ਉਰਫ਼ ਨਿੱਕਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਵੱਲੋਂ ਕੀਤੀ ਗਈ ਮੁੱਢਲੀ ਤਫ਼ਤੀਸ਼ ਮਗਰੋਂ ਕਰਨੈਲ ਸਿੰਘ ਦੇ ਲੜਕੇ ਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਉਰਫ਼ ਗਗਨ ਅਤੇ ਉਨ੍ਹਾਂ ਦੀ ਮਾਂ ਬਲਵਿੰਦਰ ਕੌਰ ਨੂੰ ਬਾਰਾਂ ਬੋਰ ਰਾਈਫਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਹੋਰਨਾਂ ਖ਼ਿਲਾਫ਼ ਕਤਲ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੋਠੇ ਅਮਨਗੜ੍ਹ ’ਚ ਵਿਅਕਤੀ ਦਾ ਕਤਲ
ਦੋਦਾ (ਜਸਵੀਰ ਸਿੰਘ ਭੁੱਲਰ): ਇਥੋਂ ਨੇੜਲੇ ਪਿੰਡ ਮੱਲਣ ਦੇ ਕੋਠੇ ਅਮਨਗੜ੍ਹ ਵਿੱਚ ਜ਼ਮੀਨੀ ਵਿਵਾਦ ਕਾਰਨ ਝਗੜੇ ਦੌਰਾਨ ਛਿੰਦਾ ਸਿੰਘ ਪੁੱਤਰ ਮਾਨ ਸਿੰਘ ਦਾ ਕਤਲ ਹੋ ਗਿਆ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕੋਟਭਾਈ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਦੇ ਝਗੜੇ ਕਾਰਨ ਛਿੰਦਾ ਸਿੰਘ (50) ਦਾ ਕਤਲ ਕੀਤਾ ਗਿਆ ਹੈ। ਇਸ ਸਬੰਧ ’ਚ ਮ੍ਰਿਤਕ ਵਿਅਕਤੀ ਦੀ ਪਤਨੀ ਛਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਛੇ ਵਿਅਕਤੀਆਂ ਮੁਖਤਿਆਰ ਸਿੰਘ ਪੁੱਤਰ ਸੰਤਾ ਸਿੰਘ, ਉਸ ਦੇ ਦੋ ਲੜਕੇ ਸੁਰਜੀਤ ਸਿੰਘ, ਗੁਰਜੀਤ ਸਿੰਘ, ਪੋਤਰੇ ਸੰਦੀਪ ਸਿੰਘ ਅਤੇ ਜੀਤਾ ਸਿੰਘ ਪੁੱਤਰ ਦਿਆਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ, ਗਿੱਦੜਬਾਹਾ ਭੇਜਣ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।