ਪਰਸ਼ੋਤਮ ਬੱਲੀ
ਬਰਨਾਲਾ, 24 ਸਤੰਬਰ
ਆਰਥਿਕ ਤੰਗੀ ਕਾਰਨ ਬੀਤੇ ਦਿਨੀਂ ਜ਼ਹਿਰ ਖਾਣ ਵਾਲੇ ਪਿਓ-ਪੁੱਤ ਦੀ ਅੱਜ ਮੌਤ ਹੋ ਗਈ ਹੈ। ਮੁੱਖ ਬੱਸ ਅੱਡਾ ਪੁਲੀਸ ਚੌਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਵਾਸੀ ਭਾਰਤ ਭੂਸ਼ਣ (55) ਪੁੱਤਰ ਗਣੇਸ਼ ਦਾਸ ਆਂਡਿਆਂ ਦੀ ਰੇਹੜੀ ਅਤੇ ਉਸ ਦਾ ਪੁੱਤਰ ਮੁਨੀਸ਼ ਕੁਮਾਰ (25) ਛੋਟਾ ਹਾਥੀ ਚਲਾਉਂਦਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਆਈ ਮੰਦੀ ਕਾਰਨ ਉਹ ਦੋਵੇਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੇ ਸਨ। ਦੋਵਾਂ ਨੇ ਲੰਘੀ 22 ਸਤੰਬਰ ਨੂੰ ਜ਼ਹਿਰੀਲੀ ਚੀਜ਼ ਨਿਗਲ ਲਈ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ, ਜਿੱਥੋਂ ਦੋਵਾਂ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਇੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।