ਮਕਬੂਲ ਅਹਿਮਦ
ਕਾਦੀਆਂ, 30 ਮਈ
ਹਲਕਾ ਕਾਦੀਆਂ ਦੇ ਸਾਬਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਨਵੀਂ ਦਿੱਲੀ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਮੁਲਾਕਾਤ ਕਾਫ਼ੀ ਸੁਖਾਵੇਂ ਮਾਹੌਲ ’ਚ ਹੋਈ। ਇਸ ਮੌਕੇ ਪੰਜਾਬ ਦੀ ਮੌਜੂਦਾ ਹਾਲਾਤ ਅਤੇ ਅਮਨ ਕਾਨੂੰਨ ਬਾਰੇ ਚਰਚਾ ਹੋਈ। ਇਸ ਮੁਲਾਕਾਤ ’ਚ ਉਨ੍ਹਾਂ ਦੇ ਪੁੱਤਰ ਵੀ ਮੌਜੂਦ ਸਨ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਫ਼ਤਹਿਜੰਗ ਸਿੰਘ ਬਾਜਵਾ ਲਗਪਗ 40 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ 2017 ’ਚ ਕਾਂਗਰਸ ਦੀ ਟਿਕਟ ਤੇ ਕਾਦੀਆਂ ਹਲਕਾ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੂੰ ਇਸ ਵਾਰ ਕਾਂਗਰਸ ਨੇ ਟਿਕਟ ਨਾ ਦੇ ਕੇ ਉਨ੍ਹਾਂ ਦੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਸੀ ਅਤੇ ਪ੍ਰਤਾਪ ਬਾਜਵਾ ਨੇ ਇਹ ਸੀਟ ਜਿੱਤ ਲਈ ਸੀ। ਦੂਜੇ ਪਾਸੇ ਭਾਜਪਾ ਨੇ ਬਟਾਲਾ ਵਿਧਾਨ ਸਭਾ ਹਲਕਾ ਤੋਂ ਆਪਣਾ ਉਮੀਦਵਾਰ ਬਣਾਇਆ ਸੀ ਪਰ ਉਹ ਕਾਮਯਾਬ ਨਾ ਹੋ ਸਕੇ।