ਹਰਪਾਲ ਸਿੰਘ ਨਾਗਰਾ
ਫਤਹਿਗੜ੍ਹ ਚੂੜੀਆਂ, 18 ਫਰਵਰੀ
ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਵਿਕਾਸ ਪੱਖੋਂ ਹੁਣ ਤੱਕ ਪੱਛੜਿਆ ਰਿਹਾ ਹੈ। ਫਤਹਿਗੜ੍ਹ ਚੂੜੀਆਂ ਇੱਕ ਇਤਿਹਾਸਿਕ ਸ਼ਹਿਰ ਹੈ, ਜਿੱਥੋਂ ਦੇ ਘਨ੍ਹੱਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੀ ਪੁੱਤਰੀ ਚੰਦ ਕੌਰ (ਮਹਾਰਾਣੀ) ਦਾ ਵਿਆਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਨਾਲ ਫਤਹਿਗੜ੍ਹ ਚੂੜੀਆਂ ਵਿੱਚ ਹੋਇਆ ਸੀ ਪਰ ਉਨ੍ਹਾਂ ਦੀ ਯਾਦ ਵਿੱਚ ਕਿਸੇ ਵੀ ਸਰਕਾਰ ਨੇ ਇੱਥੇ ਕੋਈ ਵੀ ਯਾਦਗਾਰ ਨਹੀਂ ਬਣਾਈ। ਫਤਹਿਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੋ ਵਾਰ ਵਿਧਾਇਕ ਚੁਣੇ ਗਏ ਹਨ।
ਸਿਆਸੀ ਆਗੂਆਂ ਦੇ ਵਾਅਦੇ ਸਿਰਫ ਗਲੀਆਂ-ਨਾਲੀਆਂ ਦੁਬਾਰਾ ਪੁੱਟ ਕੇ ਉੱਚੀਆਂ ਕਰਨ ਤੱਕ ਹੀ ਸੀਮਤ ਰਹੇ ਹਨ, ਜਿਸ ਕਰਕੇ ਮਕਾਨਾਂ ਤੇ ਦੁਕਾਨਾਂ ਦਾ ਪੱਧਰ ਨੀਵਾਂ ਰਹਿਣ ਕਾਰਨ ਲੋਕ ਡਾਢੇ ਦੁਖੀ ਹਨ। ਇੱਥੇ ਸੀਵਰੇਜ ਦੀ ਸਮੱਸਿਆ ਹੋਣ ਕਰਕੇ ਬਿਨਾਂ ਮੀਂਹ ਤੋਂ ਹੀ ਗਲੀਆਂ ਬਾਜ਼ਾਰਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਮੁੱਢਲੀਆਂ ਸਹੂਲਤਾਂ ਸਿੱਖਿਆ, ਸਿਹਤ, ਰੁਜ਼ਗਾਰ, ਸਫ਼ਾਈ, ਸੀਵਰੇਜ ਤੇ ਸੜਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਹਲਕੇ ਵਿੱਚ ਲੁੱਟਾਂ-ਖੋਹਾਂ ਤੇ ਨਸ਼ਿਆਂ ਦਾ ਬੋਲਬਾਲਾ ਹੈ। ਫਤਹਿਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਵਾਇਆ ਸੰਗਤਪੁਰਾ ਵਾਲੀ ਸੜਕ ਦਾ ਮਾੜਾ ਹਾਲ ਹੈ, ਜਿਸ ਦੀ ਮੁਰੰਮਤ ਲੰਬੇ ਸਮੇਂ ਤੋਂ ਨਹੀਂ ਹੋਈ।
ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਨੂੰ ਤਹਿਸੀਲ ਦਾ ਦਰਜਾ ਦਿੱਤਾ ਗਿਆ। ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ 19 ਕਰੋੜ ਖ਼ਰਚੇ ਗਏ ਹਨ ਅਤੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਚੱਲ ਰਿਹਾ ਹੈ। ਸ਼ਹਿਰ ਦੇ ਕੰਨਿਆ ਸਕੂਲ ਲਾਗੇ ਬਣੇ ਕੂੜਾ ਡੰਪ ਨੂੰ ਪਿੰਡ ਪਿੰਡੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਪਹਿਲੇ ਡੰਪ ਵਾਲੇ ਸਥਾਨ ’ਤੇ ਸਟੇਡੀਅਮ ਬਣਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਵਿਕਾਸ ਦੇ ਨਾਮ ’ਤੇ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਹੋਇਆ ਹੈ। ਬਣੀਆਂ ਬਣਾਈਆਂ ਗਲੀਆਂ ਪੁੱਟ ਕੇ ਦੁਬਾਰਾ ਬਣਾ ਕੇ ਪੈਸੇ ਖਾਧੇ ਗਏ ਹਨ। ਗਲੀਆਂ ਵਿੱਚ ਲਗਾਈਆਂ ਇੰਟਰਲਾਕ ਟਾਈਲਾਂ ਦੀ ਅਸਲ ਕੀਮਤ ਅਤੇ ਖ਼ਰਚੇ ਵਿੱਚ ਪਾਏ ਬਿੱਲਾਂ ’ਚ ਬਹੁਤ ਫਰਕ ਹੋਣ ਕਰਕੇ ਵੱਡੇ ਪੱਧਰ ’ਤੇ ਹੇਰਾ-ਫੇਰੀ ਹੋਈ ਹੈ। ਪਿੰਡਾਂ ਵਿੱਚ ਮਗਨਰੇਗਾ ਦੇ ਪੈਸਿਆਂ ਵਿੱਚ ਵੱਡੇ ਘਪਲੇ ਹੋਏ ਹਨ। ਫਤਹਿਗੜ੍ਹ ਚੂੜੀਆਂ ਵਿੱਚ ਸੀਵਰੇਜ ਤੇ ਸਫ਼ਾਈ ਪ੍ਰਬੰਧਾਂ ਦਾ ਮੰਦਾ ਹਾਲ ਹੈ। ਅੰਮ੍ਰਿਤਸਰ-ਸੰਗਤਪੁਰਾ ਸੜਕ ਸਮੇਤ ਹੋਰ ਸੜਕਾਂ ਟੁੱਟੀਆਂ ਹੋਈਆਂ ਹਨ।
‘ਆਪ’ ਉਮੀਦਵਾਰ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਸਰਕਾਰੀ ਹਸਪਤਾਲ ’ਚ ਸਟਾਫ਼ ਦੀ ਘਾਟ ਹੋਣ ਕਰਕੇ ਮਰੀਜ਼ ਖੱਜਲ-ਖੁਆਰ ਹੋ ਰਹੇ ਹਨ। ਫਤਹਿਗੜ੍ਹ ਚੂੜੀਆਂ ਵਿੱਚ ਸਟੇਡੀਅਮ ਬਣਾਉਣ ਦਾ ਕੀਤਾ ਵਾਅਦਾ ਅੱਧ-ਵਿਚਾਲੇ ਲਟਕ ਰਿਹਾ ਹੈ। ਵਿਕਾਸ ਦੇ ਨਾਂ ’ਤੇ ਕੀਤੇ ਜਾ ਰਹੇ ਕੰਮਾਂ ਵਿੱਚ ਕਥਿਤ ਹੇਰਾ-ਫੇਰੀ ਹੋਈ ਹੈ। ਪੰਨੂ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਦਿਨ ਰਾਤ ਚੱਲ ਰਿਹਾ ਹੈ। ਲੁੱਟਾਂ-ਖੋਹਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਲਾਕੇ ਵਿੱਚ ਗੁਰੂ ਨਾਨਕ ਦੇਵ ਦੀ ਯਾਦ ’ਚ ਬਣਿਆ ਇਕਲੌਤਾ ਕਾਲਜ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਬੰਦ ਹੋਣ ਕਾਰਨ ਹਲਕੇ ਦੇ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਹੋ ਗਏ ਹਨ। ਇੱਥੋਂ ਸੰਯੁਕਤ ਸਮਾਜ ਮੋਰਚੇ ਵੱਲੋਂ ਬਲਜਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਤਜਿੰਦਰ ਸਿੰਘ ਬਿਊਟੀ ਰੰਧਾਵਾ ਚੋਣ ਮੈਦਾਨ ਵਿੱਚ ਹਨ।
-ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਾਂਗਰਸ
<!–
<!–
–>
-ਲਖਬੀਰ ਸਿੰਘ ਲੋਧੀਨੰਗਲ, ਅਕਾਲੀ ਦਲ
<!–
<!–
–>
-ਬਲਬੀਰ ਸਿੰਘ ਪੰਨੂ, ‘ਆਪ’
<!–
<!–
–>