ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਫ਼ਤਹਿ ਕਿੱਟ ਮਾਮਲੇ ਵਿੱਚ ਬਿਨਾਂ ਜਾਂਚ ਕਰਵਾਏ ਸਿਹਤ ਮੰਤਰੀ ਸਣੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣਾ ਗ਼ਲਤ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਫ਼ਤਹਿ ਕਿੱਟ ਘੁਟਾਲੇ ਵਿੱਚੋਂ ਮੁੱਖ ਮੰਤਰੀ ਵੀ ਬਾਹਰ ਨਹੀਂ ਹਨ। ਉਨ੍ਹਾਂ ਕਿਹਾ ਕਿ ਫ਼ਤਹਿ ਕਿੱਟ ਖਰੀਦ ਘੁਟਾਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਜਾਂਚ ਤੋਂ ਬਿਨਾਂ ਸਿਹਤ ਮੰਤਰੀ ਅਤੇ ਚਹੇਤੇ ਅਧਿਕਾਰੀਆਂ ਨੂੰ ਕਲੀਟ ਚਿੱਟ ਦੇਣਾ ਗ਼ਲਤ ਹੈ। ਸ੍ਰੀ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਸਾਰੇ ਗ਼ਲਤ ਕੰਮ ਕੀਤੇ ਹਨ। ਇਸ ਮੌਕੇ ਸਮਾਜ ਸੇਵਕ ਅਰਸ਼ ਉਮਰਿਆਣਾ ‘ਆਪ’ ਵਿੱਚ ਸ਼ਾਮਲ ਹੋ ਗਿਆ। ਅਨਮੋਲ ਗਗਨ ਮਾਨ ਨੇ ਉਸ ਨੂੰ ਪਾਰਟੀ ’ਚ ਸ਼ਾਮਲ ਕੀਤਾ।