ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 26 ਸਤੰਬਰ
ਪੁਰਾਣੀ ਰੰਜਿਸ਼ ਕਾਰਣ ਚਾਰ ਕਾਰ ਸਵਾਰ ਨੌਜਵਾਨਾਂ ਨੇ ਐਕਟਿਵਾ ਉੱਪਰ ਜਾ ਰਹੇ ਦੋ ਨੌਜਵਾਨਾਂ ਉੱਪਰ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਵਿਚੋਂ ਗੰਭੀਰ ਜਖਮੀ ਇਸ ਸਮੇਂ ਜਲੰਧਰ ਦੇ ਜੌਹਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਜਦੋਂ ਕਿ ਹਮਲੇ ’ਚ ਮਾਮੂਲੀ ਜ਼ਖਮੀ ਹੋਣ ਵਾਲਾ ਦੂਜਾ ਨੌਜਵਾਨ ਮੁਢਲੀ ਡਾਕਟਰੀ ਸਹਾਇਤਾ ਲੈਣ ਉਪਰੰਤ ਘਰ ਜਾ ਚੁੱਕਾ ਹੈ। ਪ੍ਰਤੱਖ ਗਵਾਹਾਂ ਮੁਤਾਬਿਕ ਸ਼ਾਹਕੋਟ-ਮੋਗਾ ਸੜਕ ’ਤੇ ਇਕ ਪੈਟਰੋਲ ਪੰਪ ਦੇ ਨਜ਼ਦੀਕ ਇਕ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਨੇ ਸਕੂਟਰੀ ’ਤੇ ਜਾ ਰਹੇ ਦੋ ਨੌਜਵਾਨਾਂ ਨੂੰ ਕਾਰ ਦੀ ਟੱਕਰ ਨਾਲ ਹੇਠਾਂ ਸੁੱਟ ਦਿੱਤਾ। ਡਿਗਦੇ ਸਾਰ ਹੀ ਇਕ ਨੌਜਵਾਨ ਉੱਪਰ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਐੱਸ.ਐੱਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਅਮਨਪ੍ਰੀਤ ਸਿੰਘ ਉਰਫ ਅਮਨਾ ਪੁੱਤਰ ਜਸਵਿੰਦਰ ਸਿੰਘ ਵਾਸੀ ਧਰਮੀਵਾਲ ਉੱਪਰ ਕਿਸੇ ਨੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕੀਤਾ ਹੈ। ਉਨ੍ਹਾਂ ਕਿਹਾ ਕਿ ਏ.ਐੱਸ.ਆਈ ਬੂਟਾ ਰਾਮ ਘਟਨਾ ਦੀ ਜਾਂਚ ਕਰ ਰਹੇ ਹਨ। ਸਿਵਲ ਹਸਪਤਾਲ ਸ਼ਾਹਕੋਟ ਦੀ ਮੈਡੀਕਲ ਅਫਸਰ ਡਾ. ਸੁਖਜੀਤ ਕੌਰ ਨੇ ਦੱਸਿਆ ਕਿ ਅਮਨੇ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਉਚੇਰੇ ਇਲਾਜ ਲਈ ਜਲੰਧਰ ਭੇਜ ਦਿੱਤਾ ਗਿਆ ਹੈ। ਮਾਮੂਲੀ ਜ਼ਖਮੀ ਉਸ ਦੇ ਸਾਥੀ ਨੂੰ ਮੁਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ।