ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਜੂਨ
ਪਿੰਡ ਅਰਨੋਂ ’ਚ ਪੈਂਦੇ ਡੇਰਾ ਬੋਹੜੁੂ ਵਾਲਾ ਵਿੱਚ ਬਿਜਲੀ ਸਪਲਾਈ ਠੀਕ ਕਰਨ ਗਏ ਦੋ ਮੁਲਾਜ਼ਮਾਂ ਉੱਤੇ ਚਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ, ਜਿਸ ਕਾਰਨ ਇਕ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਪਾਵਰਕੌਮ ਦੇ ਜੇਈ ਜੈ ਸਿੰਘ ਨੇ ਦੱਸਿਆ ਕਿ ਡੇਰਾ ਬੋਹੜਵਾਲਾ ਵਿਖੇ ਬਿਜਲੀ ਬਕਸਿਆਂ ਵਿਚਲੇ ਮੀਟਰਾਂ ਨੂੰ ਸੀਲ ਬੰਦ ਕਰ ਕੇ ਬਕਸਿਆਂ ਨੂੰ ਜਿੰਦਰੇ ਲਗਾਏ ਗਏ ਸਨ। ਡੇਰੇ ਦੇ ਵਿਅਕਤੀਆਂ ਨੇ ਕੁੰਡੀ ਲਗਾਉਣ ਲਈ ਮੀਟਰਾਂ ਦੀਆਂ ਸੀਲਾਂ ਤੋੜੀਆਂ ਹੋਈਆਂ ਸਨ। ਜਦੋਂ ਬਿਜਲੀ ਮੁਲਾਜ਼ਮ ਉਥੇ ਪੁੱਜੇ ਤਾਂ ਚਾਰ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਮੁਲਾਜ਼ਮ ਦਾ ਨਾਂ ਨਰਿੰਦਰ ਕੁਮਾਰ ਹੈ। ਪਾਵਰਕੌਮ ਅਧਿਕਾਰੀਆਂ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।