ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਜੁਲਾਈ
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੰਜਾਬ ਪੁਲੀਸ ਭਰਤੀ-2016 ਦੇ ਉਮੀਦਵਾਰਾਂ ਦਾ ਮਰਨ ਵਰਤ ਨੌਜਵਾਨ ਆਗੂ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਨੇ ਜੂਸ ਪਿਲਾ ਕੇ ਖਤਮ ਕਰਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇੱਥੇ ਅੱਠ ਲੜਕੇ ਅਤੇ ਤਿੰਨ ਲੜਕੀਆਂ ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਸਨ ਜਿਨ੍ਹਾਂ ’ਚੋਂ ਲੰਘੇ ਕੱਲ੍ਹ ਤਿੰਨ ਉਮੀਦਵਾਰਾਂ ਵੱਲੋਂ ਖੁ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਤਿੰਨਾਂ ’ਚੋਂ ਇੱਕ ਉਮੀਦਵਾਰ ਜਸਵਿੰਦਰ ਸਿੰਘ ਅਜੇ ਵੀ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਇਸ ਘਟਨਾ ਤੋਂ ਬਾਅਦ ਬੀਤੀ ਰਾਤ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਮਰਨ ਵਰਤ ਕੈਂਪ ਵਿੱਚ ਪੁੱਜੇ ਅਤੇ ਭਰਤੀ ਉਮੀਦਵਾਰਾਂ ਨੂੰ ਸਮਝਾਇਆ ਕਿ ਉਹ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਦੀ ਥਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰਨ। ਉਨ੍ਹਾਂ ਜੂਸ ਪਿਲਾ ਕੇ ਸਾਰੇ ਉਮੀਦਵਾਰਾਂ ਦਾ ਮਰਨ ਵਰਤ ਖਤਮ ਕਰਵਾਇਆ। ਪੰਜਾਬ ਪੁਲੀਸ ਭਰਤੀ-2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਦੇ ਆਧਾਰ ’ਤੇ ਨੌਕਰੀ ਦੀ ਮੰਗ ਕਰ ਰਹੇ ਸੰਘਰਸ਼ਕਾਰੀ ਨੌਜਵਾਨਾਂ ਦੀ ਪੰਜ ਮੈਂਬਰੀ ਸੂਬਾ ਕਮੇਟੀ ਦੇ ਆਗੂ ਜਗਦੀਪ ਸਿੰਘ ਨੇ ਦੱਸਿਆ ਕਿ ਲੱਖਾ ਸਿਧਾਣਾ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੀ ਗੱਲ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣਗੇ। ਜ਼ਿਕਰਯੋਗ ਹੈ ਕਿ ਪੁਲੀਸ ਭਰਤੀ ਦੇ ਇਹ ਉਮੀਦਵਾਰ ਇੱਥੇ ਪਿਛਲੇ ਤਿੰਨ ਮਹੀਨਿਆਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਇਸ ਤੋਂ ਇਲਾਵਾ ਕਰੋਨਾ ਯੋਧੇ ਨਰਸਾਂ ਦਾ ਪੱਕਾ ਮੋਰਚਾ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਰੀ ਹੈ ਜੋ ਕਿ ਨੌਕਰੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਇੱਥੇ ਡੱਟੀਆਂ ਹੋਈਆਂ ਹਨ। ਅੱਜ ਇੱਥੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੇ ਵੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਧਰਨਾ ਦਿੱਤਾ।