ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 19 ਜੁਲਾਈ
ਸਥਾਨਕ ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ, ਅੱਜ ਮਰਨ ਵਰਤ ’ਚ ਤਬਦੀਲ ਹੋ ਗਈ। ਮਰਨ ਵਰਤ ’ਤੇ ਬੈਠੇ ਬਸਪਾ ਆਗੂ ਗੁਰਜੀਤ ਸਿੰਘ ਚੱਕ ਅਤੇ ਸੁਖਦੇਵ ਸਿੰਘ ਧਨੋ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਦਾਖ਼ਲ ਕਰਵਾ ਕੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਪ੍ਰਸ਼ਾਸਨ ਵੱਲੋਂ ਭੁੱਖ ਹੜਤਾਲ ਦਾ ਨੋਟਿਸ ਨਾ ਲੈਣ ਦੇ ਰੋਸ ਵਜੋਂ ਬਸਪਾ ਆਗੂਆਂ ਨੇ ਬਾਅਦ ਦੁਪਹਿਰ ਦੋ ਵਜੇ ਹਸਪਤਾਲ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ। ਉਪਰੰਤ ਮੌਕੇ ’ਤੇ ਪੁੱਜੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਹਰਫੂਲ ਸਿੰਘ ਵੱਲੋਂ ਮਰਨ ਵਰਤ ਖ਼ਤਮ ਕਰਨ ਦੀ ਬੇਨਤੀ ’ਤੇ ਵੀ ਬਸਪਾ ਆਗੂ ਸੰਘਰਸ਼ ’ਤੇ ਅੜੇ ਰਹੇ। ਅੱਜ ਮਰਨ ਵਰਤ ’ਤੇ ਬੈਠਣ ਵਾਲਿਆਂ ਵਿੱਚ ਬਸਪਾ ਜ਼ਿਲ੍ਹਾ ਪ੍ਰਧਾਨ ਸ਼ਮਸਾਦ ਅਨਸਾਰੀ, ਹਲਕਾ ਮਾਲੇਰਕੋਟਲਾ ਦੇ ਪ੍ਰਧਾਨ ਓਮ ਪ੍ਰਕਾਸ਼ ਸਰੋਏ, ਬਸਪਾ ਆਗੂ ਗੁਰਜੀਤ ਸਿੰਘ ਚੱਕ, ਦਰਬਾਰਾ ਸਿੰਘ ਚੀਮਾ ਤੇ ਸੁਖਦੇਵ ਸਿੰਘ ਧਨੋ ਸ਼ਾਮਲ ਹਨ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਅਨੁਸਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਅਸਫ਼ਲ ਸਿੱਧ ਹੋ ਰਹੀ ਹੈ। ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ’ਚ ਸਥਿਤ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਲੋਕ ਨਿੱਜੀ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਜੇਕਰ ਹਸਪਤਾਲ ’ਚ ਡਾਕਟਰਾਂ ਸਮੇਤ ਹੋਰ ਅਮਲੇ ਦੀਆਂ ਖਾਲੀ ਅਸਾਮੀਆਂ ਨਾ ਭਰੀਆਂ ਗਈਆਂ ਤਾਂ ਬਸਪਾ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।