ਚਰਨਜੀਤ ਭੁੱਲਰ
ਚੰਡੀਗੜ੍ਹ, 11 ਅਕਤੂਬਰ
ਬੇਮੌਸਮੀ ਮੀਂਹ ਨੇ ਪੰਜਾਬ ਵਿੱਚ ਝੋਨੇ ਦੀ ਵਾਢੀ ਰੋਕ ਦਿੱਤੀ ਹੈ। ਝੋਨੇ ਦੇ ਪੱਕਣ ਮੌਕੇ ਪਏ ਮੀਂਹ ਕਾਰਨ ਕਿਸਾਨਾਂ ਦੇ ਫਿਕਰ ਵਧ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਨਮੀ ਦੇ ਮਾਪਦੰਡਾਂ ਨੂੰ ਲੈ ਕੇ ਖੱਜਲ ਹੋਣਾ ਪੈ ਸਕਦਾ ਹੈ। ਦਰਜਨਾਂ ਖਰੀਦ ਕੇਂਦਰਾਂ ਵਿਚ ਝੋਨੇ ਦੀ ਫਸਲ ਭਿੱਜ ਗਈ ਹੈ ਅਤੇ ਇਨ੍ਹਾਂ ਹਾਲਤਾਂ ਵਿਚ ਝੋਨੇ ਦੀ ਖਰੀਦ ਵੀ ਪ੍ਰਭਾਵਿਤ ਹੋਣ ਦਾ ਡਰ ਹੈ। ਮਾਲਵਾ ਖ਼ਿੱਤੇ ’ਚ ਵਾਢੀ ਹਫਤਾ ਲੇਟ ਸ਼ੁਰੂ ਹੋਣ ਦੇ ਆਸਾਰ ਹਨ ਜਦਕਿ ਮਾਝੇ ’ਚ ਕਰੀਬ 50 ਫੀਸਦੀ ਫਸਲ ਖਰੀਦ ਕੇਂਦਰਾਂ ਵਿੱਚ ਪੁੱਜ ਗਈ ਹੈ। ਖੇਤੀ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਮੁਹਾਲੀ, ਨਵਾਂ ਸ਼ਹਿਰ ਅਤੇ ਲੁਧਿਆਣਾ ਜ਼ਿਲ੍ਹੇ ’ਚ ਝੋਨੇ ਦੀ ਵਾਢੀ ਰੁਕ ਗਈ ਹੈ। ਬਠਿੰਡਾ ਦੇ ਪਿੰਡ ਕੋਟਗੁਰੂ ਦੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਬਣੇ ਠੰਢੇ ਮੌਸਮ ਕਰਕੇ ਝੋਨੇ ਦੀ ਫਸਲ ਪੱਕਣ ਵਿਚ ਦੇਰੀ ਹੋ ਗਈ ਹੈ ਅਤੇ ਵਾਢੀ ਹੁਣ ਹਫ਼ਤਾ ਭਰ ਪੱਛੜ ਜਾਣੀ ਹੈ। ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦੇ ਕਿਸਾਨ ਲਛਮਣ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਲਾਗਤ ਖਰਚੇ ਵੀ ਵਧਣਗੇ। ਦੂਜੇ ਪਾਸੇ ਜੋ ਫਸਲ ਮੰਡੀਆਂ ਵਿਚ ਪੁੱਜ ਚੁੱਕੀ ਹੈ, ਉਸ ਨੂੰ ਸੰਭਾਲਣ ਲਈ ਵੀ ਕਿਸਾਨ ਫਿਕਰਮੰਦ ਹਨ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਿਹਾ ਤਾਂ ਫਸਲ ਦਾ ਨੁਕਸਾਨ ਵੀ ਹੋ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਮੰਡੀਆਂ ਵਿਚ ਜੋ ਹੁਣ ਫਸਲ ਆਵੇਗੀ, ਉਸ ਵਿੱਚ ਨਮੀ ਦੀ ਮਾਤਰਾ ਵਧਣ ਦੀ ਸੰਭਾਵਨਾ ਹੈ। ਸੂਤਰ ਆਖਦੇ ਹਨ ਕਿ ਕੇਂਦਰ ਸਰਕਾਰ ਨਮੀ ਦੇ ਮਾਪ-ਦੰਡਾਂ ਨੂੰ ਲੈ ਕੇ ਖਰੀਦ ਵਿਚ ਅੜਿੱਕੇ ਪਾ ਸਕਦੀ ਹੈ। ਵਾਢੀ ਪੱਛੜਨ ਕਰਕੇ ਝੋਨੇ ਦਾ ਸੀਜ਼ਨ ਵੀ ਲੰਮਾ ਚੱਲ ਸਕਦਾ ਹੈ। ਖੇਤੀ ਮਾਹਿਰ ਆਖਦੇ ਹਨ ਕਿ ਮੌਸਮ ਬਦਲਣ ਕਾਰਨ ਝੋਨੇ ਦਾ ਝਾੜ ਵੀ ਘੱਟ ਸਕਦਾ ਹੈ। ਉੱਧਰ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਮਾਲਵੇ ਦੇ ਬਹੁਤੇ ਪੇਂਡੂ ਖਰੀਦ ਕੇਂਦਰ ਹਾਲੇ ਚੱਲੇ ਹੀ ਨਹੀਂ। ਮਾਝੇ ਦੀਆਂ ਮੰਡੀਆਂ ਵਿੱਚ ਫਸਲ ਵਧੇਰੇ ਆ ਚੁੱਕੀ ਹੈ। ਰੋਜ਼ਾਨਾ ਦੋ ਲੱਖ ਮੀਟਰਿਕ ਟਨ ਤੋਂ ਉੱਪਰ ਫਸਲ ਆ ਰਹੀ ਹੈ। ਐਤਕੀਂ 187 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਹੈ। ਸਰਕਾਰ ਵੱਲੋਂ ਹੁਣ ਤੱਕ 12.50 ਲੱਖ ਮੀਟਰਿਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ 4.44 ਲੱਖ ਮੀਟਰਿਕ ਟਨ ਫਸਲ ਦੀ ਚੁਕਾਈ ਵੀ ਹੋ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ 1324 ਕਰੋੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਪੰਜਾਬ ’ਚ ਪੱਕੇ ਤੇ ਆਰਜ਼ੀ ਕੁੱਲ 2259 ਖਰੀਦ ਕੇਂਦਰ ਹਨ ਜਿਨ੍ਹਾਂ ’ਚੋਂ ਕਰੀਬ 1165 ਖਰੀਦ ਕੇਂਦਰਾਂ ’ਚ ਹੀ ਫਸਲ ਦੀ ਆਮਦ ਹੋਈ ਹੈ। ਮਤਲਬ ਕਿ ਪੰਜਾਹ ਫੀਸਦੀ ਖਰੀਦ ਕੇਂਦਰਾਂ ਵਿਚ ਫਸਲ ਨਹੀਂ ਆਈ।
ਫਸਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ: ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਮੌਸਮ ਦੀ ਖਰਾਬੀ ਕਰਕੇ ਝੋਨੇ ਦੀ ਫਸਲ ਤਿੰਨ ਚਾਰ ਦਿਨ ਲੇਟ ਹੋ ਸਕਦੀ ਹੈ ਪ੍ਰੰਤੂ ਕਿਧਰੋਂ ਵੀ ਫਸਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਝੇ ’ਚ ਤਾਂ ਕਰੀਬ ਪੰਜਾਹ ਫੀਸਦੀ ਫਸਲ ਆ ਵੀ ਚੁੱਕੀ ਹੈ। ਮਾਲਵਾ ਖ਼ਿੱਤੇ ਵਿਚ ਫਸਲ ਦੀ ਆਮਦ ਹਾਲੇ ਘੱਟ ਹੋਈ ਹੈ।
ਮੀਂਹ ਕਾਰਨ ਪਾਰਾ ਅੱਠ ਡਿਗਰੀ ਤੱਕ ਡਿੱਗਿਆ
ਮੀਂਹ ਨਾਲ ਪਾਰਾ ਤਕਰੀਬਨ ਅੱਠ ਡਿਗਰੀ ਤੱਕ ਡਿੱਗ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਠੰਢ ਵੱਧ ਸਕਦੀ ਹੈ। ਸੂਬੇ ਵਿਚ ਔਸਤਨ 8.5 ਮਿਲੀਮੀਟਰ ਮੀਂਹ ਪਿਆ ਹੈ। ਅੱਜ ਪੂਰਾ ਦਿਨ ਬੱਦਲਵਾਈ ਬਣੀ ਰਹੀ ਅਤੇ ਬਹੁਤੀਆਂ ਥਾਵਾਂ ’ਤੇ ਕਿਣਮਿਣ ਹੁੰਦੀ ਜਦਕਿ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਅਤੇ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਪਟਿਆਲਾ ਵਿੱਚ ਤਾਪਮਾਨ 18 ਡਿਗਰੀ ਸੈਲਸੀਅਸ ਰਿਹਾ। ਨਵਾਂ ਸ਼ਹਿਰ ਵਿਚ 66.4 ਮਿਲੀਮੀਟਰ, ਪਟਿਆਲਾ ਵਿਚ 24.8, ਜਲੰਧਰ ’ਚ 17.1, ਰੋਪੜ ਵਿਚ 27, ਫਤਹਿਗੜ੍ਹ ਸਾਹਿਬ ਵਿਚ 14.5 ਤੇ ਸੰਗਰੂਰ ਵਿੱਚ 12.2 ਮਿਲੀਮੀਟਰ ਮੀਂਹ ਪਿਆ ਹੈ।