ਦਵਿੰਦਰ ਪਾਲ
ਚੰਡੀਗੜ੍ਹ, 20 ਸਤੰਬਰ
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ੀ ਅਖਾੜਿਆਂ ਤੋਂ ਅੱਜ ਕਿਸਾਨਾਂ ਨੇ ਸਿਆਸੀ ਧਿਰਾਂ ਨੂੰ ਕੁਰਸੀ ਦੀ ਖੇਡ ਵਿੱਚ ਉਲਝਣ ਦੀ ਥਾਂ ਖੇਤੀ ਕਾਨੂੰਨਾਂ ਦੀ ਵਾਪਸੀ ਵੱਲ ਸਿਆਸਤ ਸੇਧਣ ਅਤੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਦਾ ਸੱਦਾ ਦਿੱਤਾ।
ਪੰਜਾਬ ਭਰ ’ਚ ਟੌਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਦਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਚੱਲ ਰਹੇ ਕਾਟੋ-ਕਲੇਸ਼ ਬਾਰੇ ਕਿਸਾਨ ਮੋਰਚੇ ਦਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਾ ਇਸ ਕੁਰਸੀ-ਖੇਡ ਨਾਲ ਕੋਈ ਲਾਗਾ-ਦੇਗਾ ਨਹੀਂ ਅਤੇ ਨਾ ਹੀ ਇਨ੍ਹਾਂ ਵੋਟ-ਵਟੋਰੂ ਸਿਆਸੀ ਪਾਰਟੀਆਂ ਦਾ ਲੋਕ-ਮੁੱਦਿਆਂ ਨਾਲ ਕੋਈ ਸਰੋਕਾਰ ਹੈ। ਇਹ ਸਾਰਾ ਰੌਲਾ-ਰੱਪਾ ਲੋਕਾਂ ਦੇ ਨੱਕੋਂ-ਬੁੱਲੋਂ ਲਹਿ ਚੁੱਕੇ ਚਿਹਰਿਆਂ ਨੂੰ ਬਦਲ ਕੇ ਨਵੇਂ ਚਿਹਰਿਆਂ ਸਹਾਰੇ ਵਿਧਾਨ ਸਭਾ ਚੋਣਾਂ-22 ਜਿੱਤਣ ਦੀ ਸਾਜ਼ਿਸ਼ੀ ਚਾਲ ਦਾ ਹਿੱਸਾ ਹੈ। ਆਗੂਆਂ ਨੇ ਕਿਹਾ ਕਿ ਲੋਕ-ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਲੋਕਾਂ ਦੀ ਆਰਥਿਕ ਹਾਲਤ ਦਿਨ-ਬਦਿਨ ਨਿਘਰ ਰਹੀ ਹੈ ਅਤੇ ਸਿਆਸੀ ਨੇਤਾਵਾਂ ਕੋਲ ਲੋਕ-ਮੁੱਦਿਆਂ ਦਾ ਕੋਈ ਹੱਲ ਨਹੀਂ। ਕੁੱਝ ਲੋਕਾਂ ਤੇ ਵਰਗਾਂ ਨੂੰ ਇਹ ਸਿਆਸੀ ਕਵਾਇਦ ਲੋਕ-ਪੱਖੀ ਹੋਣ ਦੇ ਭਰਮ ਵਿੱਚ ਪਾ ਸਕਦੀ ਹੈ, ਪਰ ਇਨ੍ਹਾਂ ਸਿਆਸੀ ਚਾਲਾਂ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ ਕਿਉਂਕਿ ਸਾਡਾ ਨਿਸ਼ਾਨਾ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ।
ਮੋਰਚੇ ਦੇ ਕੌਮਾਂਤਰੀ ਕਬੱਡੀ ਟੂਰਨਾਮੈਂਟ ’ਚ ਹਿੱਸਾ ਲੈਣ ਨੌਜਵਾਨ: ਕਿਸਾਨ ਆਗੂ
ਕਿਸਾਨ ਆਗੂਆਂ ਨੇ ‘ਭਾਰਤ ਬੰਦ’ ਦੀਆਂ ਤਿਆਰੀਆਂ ’ਚ ਜੁਟ ਜਾਣ ਲਈ ਕਿਹਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚਿਆਂ ’ਤੇ 22 ਸਤੰਬਰ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਕੌਮਾਂਤਰੀ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ। ਆਗੂਆਂ ਨੇ ਕਿਹਾ ਕਿ ਜਿਉਂ ਜਿਉਂ ‘ਭਾਰਤ ਬੰਦ’ ਦੀ ਤਰੀਕ ਨੇੜੇ ਆ ਰਹੀ ਹੈ, ਇਸ ਦਾ ਸਮਰਥਨ ਕਰਨ ਵਾਲੇ ਵਰਗਾਂ, ਜਥੇਬੰਦੀਆਂ ਤੇ ਪਾਰਟੀਆਂ ਦੀ ਗਿਣਤੀ ਵਧ ਰਹੀ ਹੈ। ਇਸ ਲਈ 27 ਸਤੰਬਰ ਦਾ ਬੰਦ ਇਤਿਹਾਸਕ ਹੋਵੇਗਾ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਖੇਤੀ ਸੁਧਾਰ ਦੇ ਨਾਮ ’ਤੇ ਪਾਸ ਕਾਨੂੰਨ ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦਿੰਦੇ ਹਨ। ਇਸ ਨਾਲ ਮੁਨਾਫਾਖੋਰ ਕਾਰਪੋਰੇਟ ਘਰਾਣਿਆਂ ਦਾ ਅਨਾਜ ਭੰਡਾਰਾਂ ਉਪਰ ਕਬਜ਼ਾ ਹੋ ਜਾਵੇਗਾ। ਉਹ ਸਸਤੀਆਂ ਕੀਮਤਾਂ ’ਤੇ ਖ਼ਰੀਦੇ ਅਨਾਜ ਨੂੰ ਦੁਗਣੇ-ਚੌਗਣੇ ਭਾਅ ’ਤੇ ਵੇਚਣਗੇ। ਕਿਸਾਨ-ਆਗੂਆਂ ਨੇ ਕਿਹਾ ਕਿ ਮੋਦੀ-ਹਕੂਮਤ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਰਾਹੀਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਦੇਸੀ-ਬਦੇਸ਼ੀ ਬਹੁ-ਕੌਮੀ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ।