ਬਹਾਦਰਜੀਤ ਸਿੰਘ
ਰੂਪਨਗਰ, 4 ਅਪਰੈਲ
ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਭਰ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ। ਇਸੇ ਤਹਿਤ ਅੱਜ ਇਥੇ ਭਾਜਪਾ ਯੂਥ ਵਿੰਗ ਦੇ ਮੰਡਲ ਪ੍ਰਧਾਨ ਦੀ ਨਿਯੁਕਤੀ ਲਈ ਵਾਲਮੀਕਿ ਆਸ਼ਰਮ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀਆਂ ਨੂੰ ਅੱਜ ਜਦੋਂ ਭਾਜਪਾ ਦੇ ਕੌਮੀ ਬੁਲਾਰੇ ਦੇ ਇਥੇ ਪਹੁੰਚਣ ਦੀ ਸੂਚਨਾ ਮਿਲੀ ਤਾਂ ਕਿਸਾਨ ਮੀਟਿੰਗ ਵਾਲੀ ਜਗ੍ਹਾ ਵੱਲ ਵਧਣ ਲੱਗੇ। ਇਸ ਦੌਰਾਨ ਡੀਐੱਸਪੀ ਤਲਵਿੰਦਰ ਸਿੰਘ ਤੇ ਐੱਸਐੱਚਓ ਰਾਜੀਵ ਚੌਧਰੀ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਵਾਲਮੀਕਿ ਆਸ਼ਰਮ ਵੱਲ ਜਾਂਦੀ ਸਰਹਿੰਦ ਨਹਿਰ ਦੀ ਸੜਕ ’ਤੇ ਨਾਕਾ ਲਾ ਕੇ ਕਿਸਾਨਾਂ ਨੂੰ ਰੋਕ ਲਿਆ। ਇਸ ਮਗਰੋਂ ਕਿਸਾਨਾਂ ਨੇ ਇਕਬਾਲ ਸਿੰਘ ਲਾਲਪੁਰਾ ਤੇ ਜਤਿੰਦਰ ਅਠਵਾਲ ਖ਼ਿਲਾਫ਼ ਕਾਲੀਆਂ ਝੰਡੀਆਂ ਲੈ ਕੇ ਉਥੇ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦਾ ਪਤਾ ਲੱਗਣ ’ਤੇ ਭਾਜਪਾ ਆਗੂ ਤੁਰੰਤ ਮੀਟਿੰਗ ਖ਼ਤਮ ਕਰਕੇ ਉਥੋਂ ਨਿਕਲ ਗਏ।
ਕਿਸਾਨ ਆਗੂ ਕੁਲਵੰਤ ਸਿੰਘ ਸੈਣੀ ਸਰਾੜੀ, ਸਤਨਾਮ ਸਿੰਘ ਮਾਜਰੀ ਜੱਟਾਂ, ਕਾਮਰੇਡ ਗੁਰਦੇਵ ਸਿੰਘ ਬਾਗੀ, ਗੁਰਇਕਬਾਲ ਸਿੰਘ ਬਰਦਾਰ, ਗੁਰਮੇਲ ਸਿੰਘ ਬਾੜਾ, ਜਗਮਨਦੀਪ ਸਿੰਘ ਪੜੀ ਨੇ ਕਿਹਾ ਕਿ ਭਾਜਪਾ ਆਗੂ ਜਾਣ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਵਾਲਮੀਕਿ ਆਸ਼ਰਮ ਵਿੱਚ ਪ੍ਰੋਗਰਾਮ ਕਰਨਾ ਸਾਜ਼ਿਸ਼ ਦਾ ਹਿੱਸਾ ਸੀ। ਭਾਜਪਾ ਇਸ ਨੂੰ ਦਲਿਤ ਬਨਾਮ ਕਿਸਾਨਾਂ ਦਾ ਮੁੱਦਾ ਬਣਾਉਣਾ ਚਾਹੁੰਦੀ ਸੀ ਪਰ ਕਿਸਾਨਾਂ ਨੇ ਬੜੀ ਸੂਝ ਨਾਲ ਕੰਮ ਲੈ ਕੇ ਸਿਰਫ ਭਾਜਪਾਈਆਂ ਦਾ ਹੀ ਵਿਰੋਧ ਕੀਤਾ।
ਕੁਝ ਸਿਆਸੀ ਆਗੂਆਂ ਦੀ ਸ਼ਹਿ ’ਤੇ ਚੱਲ ਰਿਹੈ ਕਿਸਾਨੀ ਸੰਘਰਸ਼: ਲਾਲਪੁਰਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਕਿਸਾਨ ਉਨ੍ਹਾਂ ਦੇ ਭਰਾ ਹਨ ਅਤੇ ਮੋਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਗੱਲਬਾਤ ਕਰਨ ਲਈ ਤਿਆਰ ਹੈ। ਕਿਸਾਨਾਂ ਨੂੰ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ ਅਤੇ ਅਤੇ ਸਵਾਮੀਨਾਥਨ ਕਮਿਸ਼ਨ ਰਿਪੋਰਟ ਵੀ ਲਾਗੂ ਕੀਤੀ ਜਾਵੇਗੀ। ਇਸ ਕਾਰਜ ਲਈ ਕਿਸਾਨ ਉਨ੍ਹਾਂ ਦੇ ਨਾਲ ਹਨ ਪਰ ਕੁਝ ਰਾਜਨੀਤਕ ਆਗੂ ਕਿਸਾਨੀ ਅੰਦੋਲਨ ਚਲਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਭਾਜਪਾ ਦੀ ਮੀਟਿੰਗ ਦੌਰਾਨ ਰੂਪਨਗਰ ਦੇ ਯੂਥ ਮੰਡਲ ਦਾ ਗਠਨ ਕੀਤਾ ਗਿਆ ਹੈ।