ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਦਸੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਇਕਮਤ ਹੋ ਕੇ ਸੰਘਰਸ਼ ਕੀਤਾ ਪਰ ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਸਿਆਸੀ ਦ੍ਰਿਸ਼ਟੀਕੋਣ ਪੱਖੋਂ ਕਿਸਾਨ ਜਥੇਬੰਦੀਆਂ ਇਕਮਤ ਨਹੀਂ ਹਨ। ਇਸ ਸਬੰਧੀ ਵਿਚਾਰਾਂ ਦੇ ਵਖਰੇਵੇਂ ਅੱਜ ਇਥੇ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਆਏ ਕਿਸਾਨਾਂ ਨਾਲ ਗੱਲਬਾਤ ਦੌਰਾਨ ਸਾਹਮਣੇ ਆਏ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ’ਚੋਂ ਇਕ ਦਾ ਕਹਿਣਾ ਹੈ ਕਿ ਸੱਤਾ ਵਿਚ ਆ ਕੇ ਹੀ ਕਿਸਾਨੀ ਮਸਲੇ ਹੱਲ ਕੀਤੇ ਜਾ ਸਕਦੇ ਹਨ ਜਦਕਿ ਦੂਜੀਆਂ ਧਿਰਾਂ ਸਿਆਸੀ ਅਖਾੜੇ ਵਿਚ ਨਿਤਰਨ ਨਾਲ ਸਹਿਮਤ ਨਹੀਂ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਇਸ ਹੱਕ ਵਿਚ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਨੂੰ ਸਿਆਸਤ ਵਿਚ ਨਿੱਤਰਨਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਆਪਣੀ ਸਿਆਸੀ ਪਾਰਟੀ ਬਣਾਉਣਗੇ ਅਤੇ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਮਾਜ ਵਿਚ ਬਰਾਬਰੀ ਨਹੀਂ ਹੈ। ਇਕ ਵਿਅਕਤੀ ਦੀ ਆਮਦਨ ਲੋੜ ਤੋਂ ਵੱਧ ਹੈ ਤੇ ਦੂਜੇ ਦੀ ਆਮਦਨ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ। ਅਜਿਹੀਆਂ ਖਾਮੀਆਂ ਨੂੰ ਰਾਜਨੀਤੀ ਰਾਹੀਂ ਹੀ ਸੁਧਾਰਿਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਵਾਸਤੇ ਇਕ ਸਿਆਸੀ ਮੰਚ ਦੀ ਲੋੜ ਹੈ। ਮੌਜੂਦਾ ਕਿਸਾਨ ਅੰਦੋਲਨ ਦੀ ਸਮਾਪਤੀ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਸਿਰਫ ਤਿੰਨ ਕਾਨੂੰਨ ਹੀ ਵਾਪਸ ਹੋਏ ਹਨ। ਉਨਾਂ ਦੀਆਂ ਬਾਕੀ ਮੰਗਾਂ ਜਿਵੇਂ ਦੀਆਂ ਤਿਵੇਂ ਹਨ।
ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਸਬੰਧੀ ਗੱਲਬਾਤ ਰਾਹੀਂ ਸਰਕਾਰ ’ਤੇ ਦਬਾਅ ਬਣਾਉਣਗੀਆਂ। ਭਾਵੇਂ ਮੋਰਚਾ ਖਤਮ ਕਰ ਦਿੱਤਾ ਗਿਆ ਹੈ ਪਰ ਕਿਸਾਨ ਮੰਗਾਂ ਮੰਨਵਾਉਣ ਲਈ ਸਰਕਾਰ ’ਤੇ ਦਬਾਅ ਜਾਰੀ ਰੱਖਿਆ ਜਾਵੇਗਾ।
ਕਿਸਾਨਾਂ ਦੀ ਵੱਖਰੀ ਸਿਆਸੀ ਪਾਰਟੀ ਬਣਾਉਣ ਦੀ ਲੋੜ ਨਹੀਂ: ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਿਆਸਤ ਵਿੱਚ ਆਉਣ ਦੇ ਮਤ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੋਈ ਵੱਖਰੀ ਸਿਆਸੀ ਪਾਰਟੀ ਬਣਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਫੈਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਕਿਸਾਨਾਂ ਦੀਆਂ ਮੰਗਾਂ ਫਿਲਹਾਲ ਉਥੇ ਹੀ ਖੜ੍ਹੀਆਂ ਹਨ। ਕਿਸਾਨ ਸੰਘਰਸ਼ ਦਾ ਆਉਣ ਵਾਲੀਆਂ ਚੋਣਾਂ ’ਤੇ ਕੀ ਪ੍ਰਭਾਵ ਹੋਵੇਗਾ, ਬਾਰੇ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ। ਕਿਸਾਨ ਸੰਘਰਸ਼ ਦੇ ਅਗਲੇਰੇ ਪੜਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ਵਿਚ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ।