ਪੱਤਰ ਪ੍ਰੇਰਕ
ਮਾਨਸਰ, 7 ਸਤੰਬਰ
ਇਥੇ ਟੌਲ ਪਲਾਜ਼ਾ ਮਾਨਸਰ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਮਨਵਾਉਣ ਲਈ ਲਗਾਇਆ ਧਰਨਾ ਅੱਜ 332 ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਦੀ ਮੋਦੀ ਤੇ ਹਰਿਆਣੇ ਦੀ ਖੱਟਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਜੇ ਸਿੰਘ ਬਹਬਿਲਮੰਜ, ਬਲਕਾਰ ਸਿੰਘ ਮੱਲ੍ਹੀ, ਅਵਤਾਰ ਸਿੰਘ ਬੋਬੀ, ਡਾ ਰਾਜੂ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸ਼ਾਜਿਸਾਂ ਕਰ ਰਹੀ ਹੈ ਪਰ ਕਿਸਾਨ ਮਜ਼ਦੂਰ ਏਕਤਾ ਕਰਕੇ ਹੁਣ ਤੱਕ ਮੋਦੀ ਸਰਕਾਰ ਦੀ ਹਰ ਸ਼ਾਜਿਸ ਪੁੱਠੀ ਪੈਦੀਂ ਆਈ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਇਥੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੇ 300 ਦਿਨ ਪੂਰੇ ਹੋ ਚੁੱਕੇ ਹਨ। ਇਸ ਮੌਕੇ ਆਗੂਆਂ ਨੇ ਮੋਦੀ ਤੇ ਖੱਟਰ ਸਰਕਾਰ ਦੀ ਨਿਖੇਧੀ ਕੀਤੀ। ਧਰਨੇ ਨੂੰ ਗੁਰਮੇਸ਼ ਸਿੰਘ, ਕਮਲਜੀਤ ਸਿੰਘ ਰਾਜਪੁਰਆਂ, ਗੁਰਮੀਤ ਸਿੰਘ, ਪਰਦੁਮਨ ਸਿੰਘ, ਰਾਮ ਲੁਭਾਇਆ, ਰਮੇਸ਼ ਕੁਮਾਰ, ਬਲਰਾਜ ਸਿੰਘ ਬੈਂਸ ਆਦਿ ਨੇ ਸੰਬੋਧਨ ਕੀਤਾ।
ਕਵੀਆਂ ਵੱਲੋਂ ਕਿਸਾਨੀ ਅੰਦੋਲਨ ’ਤੇ ਕਵਿਤਾਵਾਂ ਪੇਸ਼
ਗੜ੍ਹਸ਼ੰਕਰ (ਜੇਬੀ ਸੇਖੋਂ): ਦੋਆਬਾ ਸਾਹਿਤ ਸਭਾ ਦੇ ਅਹੁਦੇਦਾਰ ਸੰਤੋਖ ਸਿੰਘ ਵੀਰ ਦੇ ਗ੍ਰਹਿ ਵਿੱਚ ਅੱਜ ਕਿਸਾਨ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪਵਨ ਕੁਮਾਰ ਭੰਮੀਆਂ, ਸਰਵਣ ਸਿੱਧੂ, ਰੁਪਿੰਦਰ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਜਦ ਕਿ ਸ਼ਾਇਰ ਓਮ ਪ੍ਰਕਾਸ਼ ਜ਼ਖ਼ਮੀ ਅਤੇ ਤਾਰਾ ਸਿੰਘ ਚੇੜਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਕਵੀ ਸੰਤੋਖ ਸਿੰਘ ਵੀਰ ਨੇ ਸਵਾਗਤੀ ਸ਼ਬਦ ਕਹੇ ਅਤੇ ਦੋਆਬਾ ਸਾਹਿਤ ਸਭਾ ਦੇ ਅਹੁਦੇਦਾਰਾਂ ਵੱਲੋਂ ਉਲੀਕੇ ਜਾ ਰਹੇ ਇਨ੍ਹਾਂ ਸਮਾਰੋਹਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਕਤ ਦੀ ਲੋੜ ਹੈ ਕਿ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਾਹਿਤ ਦੀ ਰਚਨਾ ਕੀਤੀ ਜਾਵੇ। ਇਸ ਮੌਕੇ ਸੁਰਿੰਦਰਪਾਲ ਸਿੰਘ ਪਰਦੇਸੀ, ਮਨਜੀਤ ਸਿੰਘ ਹੁੰਦਲ, ਜਸਵੀਰ ਕੌਰ, ਸੁਰਜੀਤ ਸਿੰਘ ਭੰਮੀਆਂ, ਸੁਰਿੰਦਰ ਸਿੰਘ, ਮਨਜੀਤ ਸਿੰਘ ਨੇ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੀ ਦਾਦ ਹਾਸਲ ਕੀਤੀ। ਪਵਨ ਕੁਮਾਰ ਭੰਮੀਆਂ ਨੇ ਲੇਖਕਾਂ ਦਾ ਧੰਨਵਾਦ ਕੀਤਾ।