ਬਹਾਦਰਜੀਤ ਸਿੰਘ
ਰੂਪਨਗਰ,11 ਮਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ਿਲ੍ਹਾ ਰੂਪਨਗਰ ਤੋਂ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਦੀ ਅਗਵਾਈ ਵਿਚ ਵੱਡਾ ਜਥਾ ਕਾਰਾਂ ਦੇ ਵੱਡੇ ਕਾਫਲੇ ਨਾਲ ਟੌਲ ਪਲਾਜ਼ਾ ਸੋਲਖੀਆਂ ਤੋਂ ਕੁੰਡਲੀ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਗੁਰਨਾਮ ਸਿੰਘ ਜੱਸੜਾਂ ਨੇ ਕਿਹਾ ਕਿ ਕਿਸਾਨਾਂ ਨੇ ਕਣਕ ਦੀ ਵਢਾਈ ਦਾ ਕੰਮ ਕਾਰ ਨਬਿੇੜ ਕੇ ਬਹੁਤ ਵੱਡੀ ਗਿਣਤੀ ਵਿੱਚ ਟਿੱਕਰੀ ਬਾਰਡਰ ’ਤੇ ਪਹੁੰਚਣ ਲਈ ਜੋਸ਼ ਦਿਖਾਇਆ।
ਬਨੂੜ (ਕਰਮਜੀਤ ਸਿੰਘ ਚਿੱਲਾ): ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪਿੰਡ ਨੰਡਿਆਲੀ ਤੋਂ ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਗਰੁੱਪ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਲੋਚਨ ਸਿੰਘ ਨੰਡਿਆਲੀ ਦੀ ਅਗਵਾਈ ਹੇਠ ਦੋ ਦਰਜਨ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਪਿੰਡ ਬੂਟਾ ਸਿੰਘ ਵਾਲਾ ਦੇ ਸਰਪੰਚ ਭੂਪਿੰਦਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ ਆਦਿ ਦੀ ਅਗਵਾਈ ਹੇਠ ਇੱਕ ਜਥਾ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸੇ ਤਰ੍ਹਾਂ ਪਿੰਡ ਦੇਵੀਨਗਰ(ਅਬਰਾਵਾਂ) ਤੋਂ ਕਿਸਾਨਾਂ ਦਾ ਹਫ਼ਤਾਵਾਰੀ ਰਹਿਣ ਵਾਲਾ ਜਥਾ ਦਿੱਲੀ ਲਈ ਰਵਾਨਾ ਹੋਇਆ। ਨਰਿੰਦਰ ਅਬਰਾਵਾਂ ਨੇ ਦੱਸਿਆ ਕਿ ਪਿੰਡ ਵੱਲੋਂ ਪੱਕਾ ਕੈਂਪ ਲਗਾਇਆ ਹੋਇਆ ਹੈ ਤੇ ਹਰ ਹਫ਼ਤੇ ਗਿਆਰਾਂ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਹੇ ਹਨ। ਇਸੇ ਤਰਾਂ ਪਿੰਡ ਕੁਰੜੀ, ਬੜ੍ਹੀ, ਸਿਆਊ, ਕਰਾਲਾ, ਖਾਸਪੁਰ, ਕਨੌੜ ਤੋਂ ਕਿਸਾਨਾਂ ਦੇ ਜਥੇ ਦਿੱਲੀ ਲਈ ਰਵਾਨਾ ਹੋਏ।
ਕਿਸਾਨੀ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਸਬੰਧੀ ਮੀਟਿੰਗ
ਕੁਰਾਲੀ (ਪੱਤਰ ਪ੍ਰੇਰਕ): ਕਿਸਾਨੀ ਸੰਘਰਸ ਤਹਿਤ ਟੌਲ ਪਲਾਜ਼ਾ ਬੜੌਦੀ ਵਿੱਚ ਲੋਕ ਹਿੱਤ ਮਿਸ਼ਨ ਵੱਲੋਂ ਲਗਾਏ ਧਰਨੇ ਦੌਰਾਨ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਹੋਰ ਵਧੇਰੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਇਲਾਕੇ ਦੇ ਕਿਸਾਨ ਆਗੂਆਂ ਤੇ ਪਤਵੰਤਿਆਂ ਦੀ ਮੀਟਿੰਗ ਹੋਈ। ਮਿਸ਼ਨ ਦੇ ਹਰਜੀਤ ਸਿੰਘ ਹਰਮਨ, ਗੁਰਮੀਤ ਸਿੰਘ ਸ਼ਾਂਟੂ, ਸਰਪੰਚ ਹਰਜੀਤ ਸਿੰਘ ਢਕੋਰਾਂ, ਰਵਿੰਦਰ ਸਿੰਘ ਵਜੀਦਪੁਰ, ਹਰਨੇਕ ਸਿੰਘ ਬੜੌਦੀ ਸ਼ਾਮਲ ਹੋਏ।