ਪਾਲ ਸਿੰਘ ਨੌਲੀ
ਜਲੰਧਰ, 23 ਦਸੰਬਰ
ਦਿੱਲੀ ਦੀਆਂ ਹੱਦਾਂ ’ਤੇ ਲੱਗੇ ਕਿਸਾਨੀ ਮੋਰਚਿਆਂ ਕਾਰਨ ਕੌਮੀ ਪੱਧਰ ’ਤੇ ਮਨਾਇਆ ਜਾ ਰਿਹਾ ਕਿਸਾਨ ਦਿਵਸ ਪਹਿਲੀ ਵਾਰ ਸਭ ਤੋਂ ਵੱਧ ਚਰਚਾ ਵਿਚ ਹੈ। ਹਰ ਸਾਲ ਭਾਵੇਂ 23 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਨੂੰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਇਸ ਵਾਰ ਇਹ ਅੰਦੋਲਨ ਕਰਕੇ ਦੁਨੀਆ ਭਰ ਦੀਆਂ ਨਜ਼ਰਾਂ ’ਚ ਆ ਗਿਆ ਹੈ। ਫ਼ਸਲਾਂ ਦੇ ਵਾਜਬਿ ਭਾਅ ਨਾ ਮਿਲਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਹਮੇਸ਼ਾ ਮਾਯੂਸੀ ਰਹਿੰਦੀ ਹੈ, ਜਦੋਂ ਉਹ ਆਪਣੀਆਂ ਫ਼ਸਲਾਂ ਨੂੰ ਮੰਡੀਆਂ ’ਚ ਲੈ ਕੇ ਜਾਂਦੇ ਹਨ। ਪੰਜਾਬ ਵਿੱਚ ਚੱਲ ਰਹੀ ਆਲੂਆਂ ਦੀ ਕੱਚੀ ਪੁਟਾਈ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਆਲੂਆਂ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ ਅੱਧਾ ਵੀ ਨਹੀਂ ਮਿਲ ਰਿਹਾ।
ਆਧੀ ਪਿੰਡ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 40 ਹਜ਼ਾਰ ਰੁਪਏ ਪ੍ਰਤੀ ਖੇਤ ਠੇਕੇ ’ਤੇ ਲਿਆ ਸੀ ਤੇ 20 ਖੇਤਾਂ ਵਿੱਚ ਆਲੂ ਬੀਜੇ ਹਨ। ਕੱਚੀ ਪੁਟਾਈ ਦੌਰਾਨ ਉਨ੍ਹਾਂ ਨੂੰ ਉਮੀਦ ਸੀ ਕਿ ਆਲੂਆਂ ਦਾ ਭਾਅ ਪਿਛਲੇ ਸਾਲ ਵਾਂਗ ਸਹੀ ਮਿਲੇਗਾ ਪਰ ਇਹ ਤਾਂ ਹੁਣ ਅੱਧਾ ਵੀ ਨਹੀਂ ਰਹਿ ਗਿਆ। ਉਨ੍ਹਾਂ ਦੱਸਿਆ ਕਿ 650 ਤੋਂ ਲੈ ਕੇ 700 ਰੁਪਏ ਕੁਇੰਟਲ ਤੱਕ ਹੀ ਆਲੂਆਂ ਦਾ ਭਾਅ ਰਹਿ ਗਿਆ ਹੈ, ਜਦਕਿ ਪਿਛਲੇ ਸਾਲ ਇਹ ਹੀ ਭਾਅ 1700 ਤੋਂ ਲੈ ਕੇ 2000 ਰੁਪਏ ਤੱਕ ਚਲਾ ਗਿਆ ਸੀ। ਉਸ ਨੇ ਦੱਸਿਆ ਕਿ ਆਲੂਆਂ ਦੀ ਫ਼ਸਲ ’ਤੇ ਖਾਦ, ਕੀਟ ਨਾਸ਼ਕ ਦਵਾਈਆਂ, ਡੀਜ਼ਲ, ਬੀਜਣ ਤੇ ਇਸ ਦੀ ਪੁਟਾਈ ਸਮੇਂ ਲੇਬਰ ਦਾ ਖਰਚਾ ਏਨਾ ਜ਼ਿਆਦਾ ਆਉਂਦਾ ਹੈ ਕਿ ਸਹੀ ਭਾਅ ਨਾ ਮਿਲਣ ’ਤੇ ਕਿਸਾਨਾਂ ਨੂੰ ਪੱਲਿਓਂ ਪੈਸੇ ਪਾਉਣੇ ਪੈਂਦੇ ਹਨ। ਦੋਨਾ ਇਲਾਕੇ ’ਚ ਆਲੂਆਂ ਦੇ ਵੱਡੇ ਕਾਰੋਬਾਰੀਆਂ ’ਚ ਆਉਂਦੇ ਕਿਸਾਨ ਆਗੂ ਤੇਗਾ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਲੂ ਜ਼ਿਆਦਾ ਲੱਗਣ ਨਾਲ ਪੰਜਾਬ ਦੇ ਆਲੂ ਦਾ ਭਾਅ ਡਿੱਗ ਪਿਆ ਹੈ।
ਕੱਚੀ ਪੁਟਾਈ ਦੌਰਾਨ ਉਦੋਂ ਭਾਅ ਠੀਕ ਸੀ, ਜਦੋਂ ਅਜੇ ਹੁਸ਼ਿਆਰਪੁਰ ਖਿੱਤੇ ’ਚ ਹੀ ਆਲੂਆਂ ਦੀ ਪੁਟਾਈ ਚੱਲ ਰਹੀ ਸੀ। ਹੁਣ ਕਾਲਾ ਸੰਘਿਆਂ, ਲਾਂਬੜਾ, ਨਕੋਦਰ ਤੇ ਦੋਨੇ ਦੇ ਹੋਰ ਇਲਾਕਿਆਂ ’ਚ ਪੁਟਾਈ ਇੱਕੋ ਸਮੇਂ ਸ਼ੁਰੂ ਹੋ ਗਈ ਹੈ, ਜਿਸ ਕਰਕੇ ਆਲੂਆਂ ਦਾ ਭਾਅ ਹੇਠਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦੀ ਮਾਰਕੀਟ ਨੂੰ ਹੇਠਾਂ-ਉੱਤੇ ਕਰਨ ਵਿਚ ਵੱਡਾ ਹੱਥ ਵਪਾਰੀਆਂ ਦਾ ਹੀ ਹੁੰਦਾ ਹੈ ਜਿਹੜੇ ਚੀਜ਼ ਦੀ ਥੁੜ ਤੇ ਬਹੁਤਾਤ ਬਾਰੇ ਬਣਾਉਟੀ ਮਾਹੌਲ ਪੈਦਾ ਕਰਦੇ ਹਨ।