ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਪਰੈਲ
ਕਿਸਾਨ ਅੰਦੋਲਨ ਦੇ 5 ਮਹੀਨੇ ਪੂਰੇ ਹੋਣ ’ਤੇ ਅੱਜ ਗਾਜ਼ੀਪੁਰ ਦੀ ਹੱਦ ’ਤੇ ਖੇਤੀ ਦੇ ਸੰਦਾਂ ’ਤੇ ਫੁੱਲ ਚੜ੍ਹਾਉਣ ਮਗਰੋਂ ਸਾਰੇ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਨੂੰ ਹਾਰ ਪਹਿਨਾਏ ਗਏ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮਹਾਪੁਰਸ਼ਾਂ ਨੂੰ ਮੱਥਾ ਟੇਕਦੇ ਹੋਏ ਕਿਹਾ ਕਿ ਦੇਸ਼ ਦੇ ਕਿਸਾਨ 5 ਮਹੀਨਿਆਂ ਤੋਂ ਸੜਕਾਂ ’ਤੇ ਬੈਠੇ ਹਨ ਪਰ ਤਾਨਾਸ਼ਾਹ ਸਰਕਾਰ ਹਾਲੇ ਤੱਕ ਆਪਣੇ ਰਵੱਈਆ ਨਹੀਂ ਸੁਧਾਰ ਰਹੀ। ਉਨ੍ਹਾਂ ਕਿਹਾ ਕਿ ਜਦ ਤੱਕ ਸਾਰੇ ਤਿੰਨ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਅਤੇ ਐੱਮਐੱਸਪੀ ਉਪਰ ਕਾਨੂੰਨ ਨਹੀਂ ਬਣਾਇਆ ਜਾਂਦਾ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਰੋਨਾ ਦੀ ਆੜ ’ਚ ਸਰਕਾਰ ਕਿਸਾਨੀ ਲਹਿਰ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਡੀਪੀ ਸਿੰਘ, ਰਾਜਵੀਰ ਸਿੰਘ ਜਾਦੋਂ, ਆਸ਼ੀਸ਼ ਮਿੱਤਲ, ਬਲਜਿੰਦਰ ਮਾਨ, ਗੁਰੂ ਅਮਨੀਤ ਸਿੰਘ ਮਾਂਗਟ, ਧਰਮਪਾਲ ਸਿੰਘ ਨੇ ਸਟੇਜ ’ਤੇ ਸ਼ਹੀਦਾਂ ਅਤੇ ਮਹਾਪੁਰਸ਼ਾਂ ਦੀ ਤਸਵੀਰ ਨੂੰ ਫੁੱਲ ਚੜ੍ਹਾਏ। ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਮੋਰਚੇ ਵਾਲੀ ਥਾਂ ’ਤੇ ਸਵੱਛਤਾ ਮੁਹਿੰਮ ਚਲਾਈ ਗਈ ਸੀ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਮੋਰਚੇ ਦੇ ਲੰਗਰਾਂ ਅਤੇ ਹੋਰ ਮੁੱਖ ਥਾਵਾਂ ’ਤੇ ਸੈਨੀਟਾਈਜ਼ਰ ਲਗਾ ਕੇ ਕਰੋਨਾ ਪ੍ਰਤੀ ਜਾਗਰੂਕ ਹੋਣ ਲਈ ਕਿਹਾ। ਸਟੇਜ ਸੰਚਾਲਨ ਜਗਵੀਰ ਸਿੰਘ ਭਾਟੀ ਅਤੇ ਹੁਸ਼ਿਆਰ ਸਿੰਘ ਨੇ ਕੀਤਾ।