ਸ਼ਗਨ ਕਟਾਰੀਆ
ਬਠਿੰਡਾ, 20 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖੇਤੀ ਕਾਨੂੰਨ ਮਨਸੂਖ਼ ਕਰਨ ਦੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਅਧੂਰੀ ਜਿੱਤ ਕਰਾਰ ਦਿੰਦਿਆਂ ਕਿਸਾਨਾਂ ਨੂੰ ਸੰਪੂਰਨ ਜਿੱਤ ਲਈ ਕਾਫ਼ਲਿਆਂ ਦੀ ਸ਼ਕਲ ’ਚ ਵਹੀਰਾਂ ਘੱਤ ਕੇ ਦਿੱਲੀ ਮੋਰਚਿਆਂ ’ਚ ਪਹੁੰਚਣ ਦੀ ਅਪੀਲ ਕੀਤੀ ਹੈ। ਸ੍ਰੀ ਡੱਲੇਵਾਲ ਨੇ ਹੁਣ ਤੱਕ ਦੀ ਸਫ਼ਲਤਾ ਲਈ ਕਿਸਾਨਾਂ, ਮਜ਼ਦੂਰਾਂ, ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਲੋਕ ਪੱਖੀ ਮੀਡੀਆ, ਸੋਸ਼ਲ ਮੀਡੀਆ, ਕਲਾਕਾਰਾਂ ਤੇ ਖਾਸ ਕਰਕੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਤੱਕ ਦੀ ਜਿੱਤ ਲਈ ਇਨ੍ਹਾਂ ਵਰਗਾਂ ਦਾ ਅਣਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਸ ਲੰਮੇ ਅੰਦੋਲਨ ਦੌਰਾਨ 700 ਤੋਂ ਵੱਧ ਯੋਧਿਆਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਦੀ ਬਦੌਲਤ ਇਹ ਜਿੱਤ ਨਸੀਬ ਹੋਈ ਅਤੇ ਅਸੀਂ ਉਨ੍ਹਾਂ ਨੂੰ ਸਿਜਦਾ ਕਰਦੇ ਹਾਂ। ਉਨ੍ਹਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਸ਼ੁਰੂ ਤੋਂ ਇਹ ਸਟੈਂਡ ਰਿਹਾ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਸੰਵਿਧਾਨਕ ਰੂਪ ’ਚ ਰੱਦ ਨਹੀਂ ਹੁੰਦੇ ਅਤੇ ਐੱਮਐੱਸਪੀ ਗਾਰੰਟੀ ਕਾਨੂੰਨ ਪਾਸ ਨਹੀਂ ਹੁੰਦੇ, ਉਦੋਂ ਤੱਕ ਸੰਘਰਸ਼ ਖਤਮ ਨਹੀਂ ਕੀਤਾ ਜਾਵੇਗਾ। ਸ੍ਰੀ ਡੱਲੇਵਾਲ ਨੇ ਪ੍ਰਧਾਨ ਮੰਤਰੀ ਦੇ ਐਲਾਨ ਦੇ ਹਕੀਕਤ ’ਚ ਵਟਣ ਤੱਕ ਸਰਕਾਰ ਦੀ ਭੂਮਿਕਾ ’ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਦਿੱਲੀ ਦੀਆਂ ਹੱਦਾਂ ’ਤੇ ਲੱਗਾ ਮੋਰਚਾ ਮਿੱਥੇ ਨਿਸ਼ਾਨੇ ਤੱਕ ਅੱਪੜਨ ਤੱਕ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਕਿਯੂ (ਸਿੱਧੂਪੁਰ) ਵੱਲੋਂ 24 ਨਵੰਬਰ ਨੂੰ ਪੰਜਾਬ ਭਰ ’ਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਦਿੱਲੀ ਮੋਰਚੇ ਲਈ ਰਵਾਨਾ ਹੋਵੇਗਾ ਤੇ ਮੰਗਾਂ ਦੀ ਸੰਪੂਰਨ ਪ੍ਰਵਾਨਗੀ ਤੱਕ ਕਿਸਾਨ ਉਥੇ ਡਟੇ ਰਹਿਣਗੇ।