ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਮਈ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਸੂਬੇ ਭਰ ਵਿੱਚੋਂ ਕਿਸਾਨਾਂ ਦੇ ਕਾਫ਼ਲੇ ਭਲਕੇ 12 ਮਈ ਨੂੰ ‘ਸਰਹਿੰਦ ਫ਼ਤਹਿ ਦਿਵਸ’ ਮੌਕੇ ਦਿੱਲੀ ਦੇ ਕਿਸਾਨ-ਮੋਰਚਿਆਂ ਸਿੰਘੂ ਅਤੇ ਟਿਕਰੀ ਲਈ ਖਨੌਰੀ ਅਤੇ ਸ਼ੰਭੂ ਪੰਜਾਬ ਤੇ ਹਰਿਆਣਾ ਬਾਰਡਰ ਤੋਂ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀ ਨੂੰ ਮੁਗਲ ਹਕੂਮਤ ਖ਼ਿਲਾਫ਼ ਚੱਪੜਚਿੜੀ ਦੇ ਮੈਦਾਨ ’ਚੋਂ ਆਜ਼ਾਦੀ ਦੀ ਲੜਾਈ ਆਰੰਭੀ ਸੀ। ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਸਨ।
ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ 221ਵੇਂ ਦਿਨ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜਜ਼ਬਾ ਬਰਕਰਾਰ ਹੈ। ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ, ਸਿਰਫ਼ ਕਾਰਪੋਰੇਟ ਘਰਾਣਿਆਂ ਦੀ ਚਿੰਤਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਔਰਤਾਂ ਅਤੇ ਨੌਜਵਾਨਾਂ ਦੇ ਕਾਫ਼ਲਿਆਂ ਦਾ ਡਿਊਟੀ ਮੁਤਾਬਿਕ ਦਿੱਲੀ ਦੇ ਕਿਸਾਨ ਮੋਰਚਿਆਂ ’ਤੇ ਜਾਣਾ ਜਾਰੀ ਹੈ, ਅੰਦੋਲਨ ਨੂੰ ਸਫ਼ਲ ਬਣਾਉਣ ਲਈ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਦਾ ਬਹਾਨਾ ਲੱਭਦੀ ਰਹਿੰਦੀ ਹੈ। ਪਿਛਲੇ ਦਿਨੀਂ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਆਈ ਬੰਗਾਲ ਦੀ ਲੜਕੀ ਦੀ ਮੌਤ ਨੂੰ ਸਰਕਾਰ ਤੇ ਭਾਜਪਾ ਨੇਤਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਯੁਕਤ ਮੋਰਚੇ ਦੇ ਆਗੂ ਪਹਿਲਾਂ ਹੀ ਇਸ ਮੰਦਭਾਗੀ ਘਟਨਾ ’ਤੇ ਦੁੱਖ ਪ੍ਰਗਟ ਚੁੱਕੇ ਹਨ। ਕਿਸਾਨ ਆਗੂ ਪੁਲੀਸ ਜਾਂਚ ਦੀ ਮੰਗ ਕਰ ਰਹੇ ਹਨ। ਲੜਕੀ ਦੇ ਪਿਤਾ ਨੇ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਆਉਂਦੇ ਦਿਨਾਂ ਵਿੱਚ ਦਿੱਲੀ ਮੋਰਚਿਆਂ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕਰੋਨਾ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਨਾ ਕਰਨ ਕਾਰਨ ਹੀ ਵੱਡੀ ਗਿਣਤੀ ਲੋਕ ਮਰ ਰਹੇ ਹਨ। ਪੰਜਾਬ ਸਰਕਾਰ ਵੀ ਲੌਕਡਾਊਨ ਨਾਲ ਗ਼ਰੀਬਾਂ ਦਾ ਰੁਜ਼ਗਾਰ ਖੋਹਣ ਲੱਗੀ ਹੋਈ ਹੈ।
ਲੋਕ ਮਸਲੇ ਜਥੇਬੰਦਕ ਹੋ ਕੇ ਹੀ ਹੱਲ ਹੁੰਦੇ ਨੇ: ਉਗਰਾਹਾਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਮੋਰਚਾ ਅੱਜ 165ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਮੋਰਚੇ ਦੇ ਆਗੂਆਂ ਬਾਰੇ ਜਾਣਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੋ ਸਕਦਾ ਹੈ ਕਿ ਜਿਹੜੇ ਆਗੂ ਕੰਮ ਕਾਰ ਛੱਡੀ ਫਿਰਦੇ ਹਨ, ਉਨ੍ਹਾਂ ਨੂੰ ਕੋਈ ਨਾ ਕੋਈ ਸਿਆਸੀ ਲਾਲਚ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਆਗੂ ਸਰਕਾਰ ਦਾ ਹਿੱਸਾ ਬਣਦੇ ਵੀ ਹਨ ਤਾਂ ਉਨ੍ਹਾਂ ਦੀ ਵੁੱਕਤ ਵਧਣ ਦੀ ਥਾਂ ਘਟੇਗੀ। ਉਨ੍ਹਾਂ ਕਿਹਾ ਕਿ ਆਗੂਆਂ ਵੁੱਕਤ ਉਨ੍ਹਾਂ ਦੇ ਆਪਣੇ ਲੋਕਾਂ ਕਰ ਕੇ ਅਤੇ ਆਪਣੇ ਲੋਕਾਂ ਵਿਚ ਰਹਿ ਕੇ ਹੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਜਥੇਬੰਦ ਹੋ ਕੇ ਤੁਰਦੇ ਹਨ ਤਾਂ ਲੋਕ ਤਾਕਤ ਦੇ ਜ਼ੋਰ ਨਾਲ ਹੀ ਮਸਲੇ ਹੱਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦ ਹੋਣ ਕਰ ਕੇ ਹੀ ਸੈਂਕੜੇ ਟੌਲ ਪਲਾਜ਼ੇ, ਮਾਲ, ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ਬੰਦ ਕਰ ਕੇ ਆਮ ਲੋਕਾਂ ਨੂੰ ਕਰੋੜਾਂ ਰੁਪਏ ਦੀ ਰਾਹਤ ਦਿੱਤੀ ਜਾ ਚੁੱਕੀ ਹੈ। ਇਸ ਕਰ ਕੇ ਹੀ ਕਿਸਾਨ ਆਗੂ ਸਿਆਸੀ ਪਾਰਟੀਆਂ ਨਾਲੋਂ ਨਿਖੇੜਾ ਕਰ ਕੇ ਚੱਲ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਕਿਹਾ ਕਿ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਹੰਕਾਰੀ ਪੁਰਸ਼ ਸੱਤਾ ’ਤੇ ਕਾਬਜ਼ ਹੁੰਦੇ ਹਨ ਤਦ ਕਿਰਤ ਕਰਨ ਵਾਲੇ ਲੋਕਾਂ ਨੂੰ ਦਬਾਅ ਕੇ ਸੱਤਾ ਚਲਾਉਂਦੇ ਹਨ। ਅਖ਼ੀਰ ਨੂੰ ਲੋਕਾਂ ’ਤੇ ਅੱਤਿਆਚਾਰ ਕਰਨ ਵਾਲੇ ਲੋਕ ਮਨਾਂ ਵਿਚੋਂ ਹੀ ਨਹੀਂ ਬਲਕਿ ਸੱਤਾ ਤੋਂ ਵੀ ਜਲਦੀ ਹੀ ਉੱਤਰ ਜਾਂਦੇ ਹਨ। ਉਹ ਭਾਵੇਂ ਜਰਮਨ ਦਾ ਹਿਟਲਰ ਹੋਵੇ, ਮੁਗਲ ਹਕੂਮਤ ਜਾਂ ਅੰਗਰੇਜ਼ ਹੋਣ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਜਿੱਤ ਲੋਕਾਂ ਦੀ ਹੋਵੇਗੀ। ਇਸੇ ਤਰ੍ਹਾਂ ਪਰਮਜੀਤ ਕੌਰ ਸਮੂਰਾਂ ਨੇ ਕਿਹਾ ਕਿ ਸਰਕਾਰਾਂ ਕਰੋਨਾ ਦੀ ਓਟ ਹੇਠ ਮਿਹਨਤਕਸ਼ ਲੋਕਾਂ ਦੀ ਲੁੱਟ ਰਹੀਆਂ ਹਨ ਅਤੇ ਲੋਕ ਘੋਲਾਂ ਨੂੰ ਕੁਚਲਣਾ ਚਾਹੁੰਦੀਆਂ ਹਨ।