ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਅਕਤੂਬਰ
ਦੇਵੀਦਾਸਪੁਰਾ ਰੇਲ ਲਾਈਨ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖੇਤੀ ਸੋਧ ਕਾਨੂੰਨਾਂ ਖ਼ਿਲਾਫ਼ ਧਰਨਾ 18ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਰੋਕੋ ਅੰਦੋਲਨ ਤਿੰਨ ਦਿਨਾਂ ਲਈ ਹੋਰ ਵਧਾ ਦਿੱਤਾ ਹੈ ਅਤੇ ਰੇਲ ਮਾਰਗਾਂ ‘ਤੇ ਧਰਨਾ 14 ਅਕਤੂਬਰ ਤਕ ਚੱਲੇਗਾ। ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਅੱਜ ਰੇਲ ਪਟੜੀਆਂ ਦੇਵੀਦਾਸਪੁਰਾ ਤੇ ਬਸਤੀ ਟੈਂਕਾਂ ਵਾਲੀ ਉੱਤੇ ਲੱਗੇ ਪੱਕੇ ਮੋਰਚਿਆਂ ਵਿਚ ਸ਼ਮੂਲੀਅਤ ਕੀਤੀ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ 23 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਰਾਵਣ ਰੂਪੀ ਅੰਬਾਨੀ, ਅਡਾਨੀ ਤੇ ਉਨ੍ਹਾਂ ਦੇ ਜੋਟੀਦਾਰ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਤੇ 25 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਪੰਜਾਬ ਭਰ ਦੇ ਪਿੰਡਾਂ ਵਿਚ ਪੁਤਲੇ ਫੂਕਣ ਦਾ ਐਲਾਨ ਕੀਤਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਪੰਜਾਬ ਦੇ 800 ਪਿੰਡਾਂ ਵਿੱਚ ਪੁਤਲੇ ਫੂਕੇ ਜਾਣਗੇ ਤੇ ਰੇਲ ਰੋਕੋ ਅੰਦੋਲਨ 14 ਅਕਤੂਬਰ ਤਕ ਜਾਰੀ ਰਹੇਗਾ ਅਤੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਉਲੀਕੀ ਜਾਵੇਗੀ। ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਬਲੈਕ ਆਊਟ ਦਾ ਬੇਲੋੜਾ ਰੌਲਾ ਪਾ ਰਹੀ ਹੈ ਜਦਕਿ ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀ.ਆਈ.ਐੱਮ. ਗਰੇਵਾਲ ਮੁਤਾਬਕ ਬਿਜਲੀ ਦਾ ਕੋਈ ਸੰਕਟ ਨਹੀਂ ਹੈ, ਸਰਕਾਰੀ ਥਰਮਲ ਬੰਦ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ 11ਵੇਂ ਦਿਨ ਵੀ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰਿਆਂ ਦੀ ਘੇਰਾਬੰਦੀ ਰੱਖੀ ਗਈ। ਅੱਜ ਮੋਰਚਿਆਂ ਵਿਚ ਕਿਸਾਨ ਆਗੂ ਪਿਰਥੀ ਸਿੰਘ ਚੱਕ ਅਲੀਸ਼ੇਰ ਦੀ ਦਸਵੀਂ ਬਰਸੀ ’ਤੇ ਉਸ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਕਿਸਾਨੀ ਮਸਲੇ ਸਬੰਧੀ ਅੱਜ ਦਿੱਲੀ ਜਾਣਗੇ ਢੀਂਡਸਾ
ਪਟਿਆਲਾ (ਰਵੇਲ ਸਿੰਘ ਭਿੰਡਰ): ਕੇਂਦਰ ਨਾਲ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਦੁਵੱਲੀ ਗੱਲਬਾਤ ਲਈ ਸ਼੍ਰੋਮਣੀ ਅਕਾਲੀ ਦਲ ‘ਡੀ’ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਭਲਕੇ 12 ਅਕਤੂਬਰ ਨੂੰ ਪੰਜਾਬ ਤੋਂ ਦਿੱਲੀ ਜਾ ਰਹੇ ਹਨ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਕਿਸਾਨੀ ਮਸਲਿਆਂ ’ਤੇ ਢੀਂਡਸਾ ਦੀ ਸਲਾਹ ਲਈ ਜਾ ਸਕਦੀ ਹੈ। ਸੂਤਰਾਂ ਅਨੁਸਾਰ ਕਿਸਾਨੀ ਅੰਦੋਲਨ ਅਤੇ ਸ਼ੋ੍ਮਣੀ ਕਮੇਟੀ ਚੋਣ ਅਮਲ ਏਜੰਡਿਆਂ ’ਤੇ ਸ੍ਰੀ ਢੀਂਡਸਾ ਕਾਫੀ ਦਿਨਾਂ ਤੋਂ ਅੰਦਰਖ਼ਤੇ ਸਰਗਰਮ ਹਨ। ਸ਼੍ਰੋਮਣੀ ਅਕਾਲੀ ਦਲ ‘ਡੀ’ ਦੇ ਮੀਡੀਆ ਕਮੇਟੀ ਦੇ ਇੱਕ ਆਗੂ ਨੇ ਦੱਸਿਆ ਕਿ ਸ੍ਰੀ ਢੀਂਡਸਾ ਦੀ ਇੱਛਾ ਹੈ ਕਿ ਕੇਂਦਰ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰੇ। ਸ੍ਰੀ ਢੀਂਡਸਾ ਨੇ ਫੋਨ ’ਤੇ ਗੱਲਬਾਤ ਦੌਰਾਨ ਭਲਕੇ ਦਿੱਲੀ ਜਾਣ ਦੇ ਕਾਰਨ ਬਾਰੇ ਦੱਸਿਆ ਕਿ 13 ਅਕਤੂਬਰ ਨੂੰ ਸੰਸਦ ਦੀ ਖੇਤੀਬਾੜੀ ਨਾਲ ਸਬੰਧਤ ਹੋਣ ਵਾਲੀ ਪਹਿਲੀ ਬੈਠਕ ‘ਚ ਸ਼ਿਰਕਤ ਕਰਨਗੇ, ਜਿਸ ਬਾਰੇ ਏਜੰਡਾ ਬੈਠਕ ਦੌਰਾਨ ਹੀ ਸਾਹਮਣੇ ਆਏਗਾ।
ਅਕਾਲੀ ਦਲ ਡੈਮੋਕ੍ਰੈਟਿਕ ਕਿਸਾਨਾਂ ਦੇ ਹੱਕ ਵਿੱਚ ਡਟਿਆ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਪ੍ਰਕਿਰਿਆ ਸਬੰਧੀ ਪਾਰਟੀ ਵਰਕਰਾਂ ਨਾਲ ਪਿੰਡ ਜਲੂਰ ਤੇ ਕੋਟੜਾ ਲਹਿਲ ਵਿਚ ਮੀਟਿੰਗਾਂ ਕੀਤੀਆਂ। ਇਸ ਮੌਕੇ ਸ੍ਰੀ ਢੀਂਡਸਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਕਿਸਾਨ ਧਰਨਿਆਂ ’ਚ ਹਰ ਰੋਜ਼ ਹਾਜ਼ਰੀ ਯਕੀਨੀ ਬਣਾਈ ਜਾਵੇ। ਸ੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਆਖ਼ਰੀ ਦਮ ਤਕ ਕਿਸਾਨਾਂ ਦਾ ਸਾਥ ਦੇਵੇਗਾ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਾਨਫਰੰਸਾਂ
ਚੰਡੀਗੜ੍ਹ (ਟਨਸ): ਖੇਤੀ ਕਾਨੂੰਨਾਂ ਵਿਰੁੱਧ ਉੱਠੇ ਕਿਸਾਨ ਸੰਘਰਸ਼ ਨੇ ਸਮਕਾਲ ਤੇ ਇਤਿਹਾਸ ਨਾਲ ਵੀ ਆਪਣੀ ਗੰਢ ਜੋੜੀ ਹੈ। ਕਿਰਤੀ ਕਿਸਾਨ ਯੂਨੀਅਨ ਨੇ ਜਾਗੀਰਦਾਰੀ ਖ਼ਿਲਾਫ਼ ਬੇਮਿਸਾਲ ਘੋਲ ਲੜਨ ਵਾਲੇ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ 350ਵਾਂ ਜਨਮ ਦਿਹਾੜਾ ਚਾਰ ਵੱਡੀਆਂ ਕਿਸਾਨ ਕਾਨਫਰੰਸਾਂ ਕਰ ਕੇ ਮਨਉਣ ਦਾ ਫ਼ੈਸਲਾ ਲਿਆ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਇਹ ਚਾਰ ਕਾਨਫਰੰਸਾਂ 26 ਨੂੰ ਦੀਨਾ ਸਾਹਿਬ (ਮੋਗਾ) ਤੇ ਰਾਹੋਂ (ਨਵਾਂਸ਼ਹਿਰ) ਅਤੇ 27 ਅਕਤੂਬਰ ਨੂੰ ਸਰਹੰਦ ਤੇ ਗੁਰਦਾਸ ਨੰਗਲ (ਗੁਰਦਾਸਪੁਰ) ਵਿਚ ਕੀਤੀਆਂ ਜਾਣਗੀਆਂ।