ਆਤਿਸ਼ ਗੁਪਤਾ
ਚੰਡੀਗੜ੍ਹ, 30 ਅਪਰੈਲ
ਮੁੱਖ ਅੰਸ਼
- ਮੁੱਖ ਮੰਤਰੀ ਨੇ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
- 12 ਲੱਖ ਹੈਕਟੇਅਰ ਰਕਬੇ ’ਤੇ ਸਿੱਧੀ ਬਿਜਾਈ ਦਾ ਟੀਚਾ ਰੱਖਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸਾਉਣੀ ਸੀਜ਼ਨ ਦੌਰਾਨ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਉਪਰੋਕਤ ਫੈਸਲਿਆਂ ਬਾਰੇ ਦੱਸਿਆ। ਪੰਜਾਬ ਵਿੱਚ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪੈਦਾਵਾਰ ਹੁੰਦੀ ਹੈ। ਸਰਕਾਰ ਨੇ ਇਸ ਵਿੱਚੋਂ 12 ਲੱਖ ਹੈਕਟੇਅਰ ਰਕਬੇ ਵਿੱਚ ਸਿੱਧੀ ਬਿਜਾਈ ਦਾ ਟੀਚਾ ਰੱਖਿਆ ਹੈ। ਝੋਨੇ ਦੀ ਰਵਾਇਤੀ ਢੰਗ ਨਾਲ ਬਿਜਾਈ ਲਈ ਸਰਕਾਰ ਨੇ ਅਜੇ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਹੈ, ਹਾਲਾਕਿ ਪਹਿਲਾਂ ਝੋਨੇ ਦੀ ਬਿਜਾਈ 10 ਜੂਨ ਤੋਂ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਢੰਗ ਨਾਲ ਝੋਨਾ ਬੀਜਣ ਨਾਲ ਪਾਣੀ ਦੀ ਵੱਧ ਖਪਤ ਹੁੰਦੀ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲ੍ਹੇ ਜਾ ਚੁੱਕਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਐਤਕੀਂ ਉਹ ਨਾ ਸਿਰਫ਼ ਖ਼ੁਦ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਬਲਕਿ ਆਪਣੇ ਰਿਸ਼ਤੇਦਾਰਾਂ ਅਤੇ ਖੇਤੀ ਨਾਲ ਜੁੜੇ ਦੋਸਤਾਂ-ਮਿੱਤਰਾਂ ਨੂੰ ਵੀ ਇਹ ਤਕਨੀਕ ਅਪਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਤਾਵਰਨ ਪੱਖੀ ਹੈ ਅਤੇ ਕਿਸਾਨਾਂ ਲਈ ਆਰਥਿਕ ਤੌਰ ’ਤੇ ਵੀ ਲਾਹੇਵੰਦ ਹੈ। ਇਸ ਬਿਜਾਈ ਨਾਲ ਝੋਨੇ ਦੇ ਝਾੜ ’ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਉਸ ਤੋਂ ਬਾਅਦ ਉਸੇ ਖੇਤ ਵਿੱਚ ਬੀਜੀ ਜਾਣ ਵਾਲੀ ਕਣਕ ਜਾਂ ਹੋਰ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪਾਣੀ ਅਤੇ ਬਿਜਲੀ ਦੀ ਬੱਚਤ ਲਈ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਡੀਐੱਸਆਰ ਤਕਨੀਕ ਅਪਣਾਉਣ ਬਾਰੇ ਜਾਗਰੂਕ ਕੀਤਾ ਜਾਵੇ। ਇਸ ਤੋਂ ਪਹਿਲਾਂ 17 ਅਪਰੈਲ ਨੂੰ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਸੀ।
1500 ਦੀ ਥਾਂ 5 ਹਜ਼ਾਰ ਰੁਪਏ ਹੌਸਲਾ-ਅਫ਼ਜ਼ਾਈ ਰਾਸ਼ੀ ਦੇਵੇ ਸਰਕਾਰ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ- ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਝੋਨੇ ਦੀ ਸਿੱਧੀ ਬਿਜਾਈ ਦੇ ਐਲਾਨ ਨੂੰ ਨਾਕਾਫੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਦੀ ਥਾਂ 5 ਹਜ਼ਾਰ ਰੁਪਏ ਹੌਸਲਾ-ਅਫ਼ਜ਼ਾਈ ਰਾਸ਼ੀ ਦੇਵੇ।
ਮੁੱਖ ਮੰਤਰੀ ਦੇ ਐਲਾਨ ਦਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਵਾਗਤ
ਚੰਡੀਗੜ੍ਹ (ਟਨਸ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗਦੇ ਪੱਧਰ ਨੂੰ ਰੋਕਣ ਲਈ ਸੂਬਾ ਸਰਕਾਰ ਜਿੱਥੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ, ਉੱਥੇ ਹੀ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਾ ਐਲਾਨ ਕਿਸਾਨੀ ਅਤੇ ਧਰਤੀ ਹੇਠਲੇ ਪਾਣੀ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਅਪੀਲ ਕੀਤੀ ਕਿ ਸੂਬੇ ਦੇ ਕਿਸਾਨਾਂ ਨੂੰ ਇਸ ਸੀਜ਼ਨ ਦੌਰਾਨ ਰਵਾਇਤੀ ਢੰਗ ਨਾਲ ਝੋਨਾ ਲਾਉਣ ਦੀ ਥਾਂ ਵੱਧ ਤੋਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਲੈ ਕੇ ਆਉਣਾ ਚਾਹੀਦਾ ਹੈ।
ਪਿਛਲੇ ਸਾਲ 6 ਲੱਖ ਹੈਕਟੇਅਰ ਰਕਬੇ ਵਿੱਚ ਹੋਈ ਸੀ ਸਿੱਧੀ ਬਿਜਾਈ
ਖੇਤੀਬਾੜੀ ਵਿਭਾਗ ਅਨੁਸਾਰ ਇਸ ਸਾਲ 30 ਲੱਖ ਹੈਕਟੇਅਰ ਵਿੱਚੋਂ 12 ਲੱਖ ਹੈਕਟੇਅਰ ’ਤੇ ਸਿੱਧੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪਿਛਲੇ ਸਾਲ 10 ਲੱਖ ਹੈਕਟੇਅਰ ਦਾ ਟੀਚਾ ਸੀ, ਜਿਸ ਵਿੱਚੋਂ 6 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਸਿੱਧੀ ਬਿਜਾਈ ਵਿੱਚ ਬਠਿੰਡਾ ਮੋਹਰੀ ਜ਼ਿਲ੍ਹਾ ਰਿਹਾ ਸੀ, ਜਿੱਥੇ 52760 ਹੈਕਟੇਅਰ ’ਤੇ ਸਿੱਧੀ ਬਿਜਾਈ ਹੋਈ। ਇਸ ਤੋਂ ਇਲਾਵਾ ਮੁਕਤਸਰ ’ਚ 46,820 ਅਤੇ ਫਾਜ਼ਿਲਕਾ ’ਚ 45,850 ਹੈਕਟੇਅਰ ਰਕਬੇ ’ਚ ਸਿੱਧੀ ਬਿਜਾਈ ਹੋਈ ਸੀ।