ਚਰਨਜੀਤ ਭੁੱਲਰ
ਚੰਡੀਗੜ੍ਹ, 30 ਦਸੰਬਰ
ਪੰਜਾਬ ਦੇ ਕਿਸਾਨਾਂ ਨੂੰ ਵਰ੍ਹਾ 2020 ਕਦੇ ਨਹੀਂ ਭੁੱਲੇਗਾ। ਖੇਤੀ ਕਾਨੂੰਨਾਂ ਦਾ ਪਹਾੜ ਇਸੇ ਵਰ੍ਹੇ ’ਚ ਡਿੱਗਿਆ। ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਲਈ ਟੱਕਰ ਵੀ ਨਾ ਭੁੱਲਣਯੋਗ ਹੋਵੇਗੀ। ਸਾਲ 2020 ’ਚ ਕੌਮਾਂਤਰੀ ਮੰਚ ’ਤੇ ਕਿਸਾਨ ਇੱਕ ਨਾਇਕ ਵਜੋਂ ਉਭਰਿਆ ਜਦੋਂ ਕਿ ਭਾਜਪਾ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਈ। ਜਿਥੇ ਇਸ ਸਾਲ ਦੌਰਾਨ ਮੌਸਮ ਨੇ ਖੇਤਾਂ ਦਾ ਸਾਥ ਨਿਭਾਇਆ, ਉਥੇ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਬਿਪਤਾ ’ਚ ਪਾਈ ਰੱਖਿਆ।
ਕੇਂਦਰੀ ਖੇਤੀ ਕਾਨੂੰਨ ਕਿਸਾਨੀ ’ਤੇ ਬਿਜਲੀ ਵਾਂਗ ਡਿੱਗੇ। ਕਿਸਾਨਾਂ ਨੇ ਇਸ ਸਾਲ ’ਚ ਜ਼ਿਆਦਾ ਸਮਾਂ ਸੜਕਾਂ, ਰੇਲ ਮਾਰਗਾਂ ਅਤੇ ਸਰਹੱਦਾਂ ’ਤੇ ਕੱਢਿਆ। ਕਿਸਾਨੀ ਘੋਲ ਦੀ ਗੂੰਜ ਕੌਮਾਂਤਰੀ ਮੰਚ ’ਤੇ ਵੀ ਪਈ। ਕਿਸਾਨੀ ਦੇ ਫਿਕਰ ਪਹਿਲਾਂ ਕੋਵਿਡ ਦੀ ਅਲਾਮਤ ਨੇ ਵਧਾਏ ਅਤੇ 5 ਜੂਨ ਮਗਰੋਂ ਖੇਤੀ ਆਰਡੀਨੈਂਸਾਂ ਨੇ ਨੀਂਦ ਉਡਾ ਦਿੱਤੀ। ਵਰ੍ਹੇ ਦੇ ਅੱਧ ਤੋਂ ਪਹਿਲਾਂ ਕਣਕ ਦੀ ਫ਼ਸਲ ਬਿਮਾਰੀ ਅਤੇ ਮੌਸਮ ਦੀ ਮਾਰ ਤੋਂ ਬਚੀ ਰਹੀ। ਬੇਸ਼ੱਕ ਕੋਵਿਡ ਕਰਕੇ ਕਣਕ ਦੀ ਵੇਚ ਵੱਟਤ ਲਈ ਬੰਦਿਸ਼ਾਂ ਝੱਲਣੀਆਂ ਪਈਆਂ ਪਰ ਫ਼ਸਲ ਵੇਚਣ ਵਿਚ ਕੋਈ ਮੁਸ਼ਕਲ ਨਹੀਂ ਆਈ।
ਬਠਿੰਡਾ ਦੇ ਪਿੰਡ ਬਾਜਕ ਦਾ ਕਿਸਾਨ ਬਲਦੇਵ ਸਿੰਘ ਦੱਸਦਾ ਹੈ ਕਿ ਕਣਕ ਦਾ ਝਾੜ ਪ੍ਰਤੀ ਏਕੜ ਚਾਰ ਤੋਂ ਪੰਜ ਮਣ ਵਧਿਆ ਹੈ। ਕੋਵਿਡ ਕਰਕੇ ਮੰਡੀਆਂ ਵਿਚ ਕਿਸਾਨਾਂ ਨੂੰ ਪਾਸ ਲੈ ਕੇ ਫ਼ਸਲ ਵੇਚਣੀ ਪਈ। 5 ਜੂਨ ਨੂੰ ਖੇਤੀ ਆਰਡੀਨੈਂਸ ਆਉਣ ਮਗਰੋਂ ਹੀ ਕਿਸਾਨਾਂ ਦੇ ਫਿਕਰ ਵਧ ਗਏ। ਪੰਜਾਬ ਦੀਆਂ ਦਸ ਕਿਸਾਨ ਧਿਰਾਂ ਨੇ ਇਸ ਖ਼ਿਲਾਫ਼ ਬਿਗਲ ਵਜਾ ਦਿੱਤਾ। ਜੂਨ ਮਹੀਨੇ ਵਿਚ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਐੱਸਡੀਐੱਮ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਕਰ ਦਿੱਤੇ ਸਨ। ਕਿਸਾਨ ਧਿਰਾਂ ਵੱਲੋਂ 27 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਗਿਆ। ਇਸੇ ਦੌਰਾਨ ਉਗਰਾਹਾਂ ਧੜੇ ਨੇ 15 ਸਤੰਬਰ ਤੋਂ 22 ਸਤੰਬਰ ਤੱਕ ਪਿੰਡ ਬਾਦਲ ਅਤੇ ਪਟਿਆਲਾ ’ਚ ਮੋਰਚੇ ਲਾਏ, ਜਦੋਂ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਵੰਗਾਰ ਰੈਲੀਆਂ ਕੀਤੀਆਂ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ 24 ਸਤੰਬਰ ਨੂੰ ਰੇਲ ਮਾਰਗ ਰੋਕੇ ਅਤੇ 25 ਸਤੰਬਰ ਨੂੰ ਸਭ ਕਿਸਾਨ ਧਿਰਾਂ ਨੇ ‘ਪੰਜਾਬ ਬੰਦ’ ਦਾ ਸੱਦਾ ਸਫ਼ਲ ਬਣਾਇਆ। ਪਹਿਲੀ ਅਕਤੂਬਰ ਤੋਂ 32 ਕਿਸਾਨ ਧਿਰਾਂ ਨੇ ਲਗਾਤਾਰ ਅੰਦੋਲਨ ਸ਼ੁਰੂ ਕਰ ਦਿੱਤਾ ਅਤੇ ਰੇਲ ਮਾਰਗ ਜਾਮ ਕਰ ਦਿੱਤੇ, ਜਿਨ੍ਹਾਂ ਨੂੰ ਲੈ ਕੇ ਕੇਂਦਰ ਨੇ ਰੇਲਾਂ ਨਾ ਚਲਾਉਣ ਦੀ ਅੜੀ ਵੀ ਰੱਖੀ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸੇ ਦੌਰਾਨ ਟਰੈਕਟਰ ਮਾਰਚ ਕੀਤੇ। ਪੂਰਾ ਵਰ੍ਹਾ ਕਿਸਾਨੀ ’ਤੇ ਕੇਂਦਰਿਤ ਰਿਹਾ।
27 ਨਵੰਬਰ ਤੋਂ 32 ਕਿਸਾਨ ਧਿਰਾਂ ਨੇ ਦਿੱਲੀ ਮੋਰਚਾ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਦੀ ਸਮੁੱਚੀ ਕਿਸਾਨੀ ਇਸ ਵਾਰ ਇੱਕਜੁਟਤਾ ਨਾਲ ਘੋਲ ਵਿਚ ਕੁੱਦੀ ਹੈ। ਇਸ ਵਰ੍ਹੇ ਵਿਚ ਝੋਨੇ ਦੀ ਬਿਜਾਂਦ ਸਮੇਂ ਮਜ਼ਦੂਰਾਂ ਦੀ ਕਮੀ ਦਾ ਮੁੱਦਾ ਵੀ ਉੱਠਿਆ। ਪ੍ਰਵਾਸੀ ਮਜ਼ਦੂਰਾਂ ਦੇ ਕੋਵਿਡ ਦੌਰਾਨ ਵਾਪਸ ਚਲੇ ਜਾਣ ਕਰਕੇ ਕਿਸਾਨਾਂ ਨੂੰ ਸੰਕਟ ਝੱਲਣਾ ਪਿਆ। ਝੋਨੇ ਦੀ ਲਵਾਈ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਵਾਧਾ ਹੋਇਆ। ਝੋਨੇ ਦੇ ਝਾੜ ਨੇ ਸਭ ਰਿਕਾਰਡ ਤੋੜ ਦਿੱਤੇ ਹਨ। 20 ਫੀਸਦੀ ਤੋਂ ਜ਼ਿਆਦਾ ਝਾੜ ਵਧਿਆ ਹੈ। ਝੋਨੇ ਦੀ ਵਿਕਰੀ ਲਈ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਈ।
ਨਰਮੇ ਦੀ ਫ਼ਸਲ ਦੀ ਵਿਕਰੀ ਸਮੇਂ ਇਸ ਵਰ੍ਹੇ ਕਿਸਾਨਾਂ ਨੂੰ ਸ਼ੁਰੂਆਤੀ ਪੜਾਅ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੂੰ ਕਰੀਬ ਤਿੰਨ ਲੱਖ ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਘੱਟ ਕੀਮਤ ’ਤੇ ਵੇਚਣਾ ਪਿਆ ਹੈ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਖ਼ਰਾਬ ਹੋਈ ਭੱਲ ਨੂੰ ਸੁਧਾਰਨ ਦੇ ਚੱਕਰ ਵਿਚ ਰਹੀ, ਜਿਸ ਤਹਿਤ ਭਾਰਤੀ ਕਪਾਹ ਨਿਗਮ ਨੂੰ ਕਪਾਹ ਮੰਡੀਆਂ ਵਿਚ ਭੇਜ ਦਿੱਤਾ। ਐਤਕੀਂ 80 ਫੀਸਦੀ ਨਰਮੇ ਦੀ ਖਰੀਦ ਕਪਾਹ ਨਿਗਮ ਨੇ ਕੀਤੀ ਹੈ।
ਖੇਤੀ ਮਹਿਕਮੇ ਦਾ ਐਤਕੀਂ ਝੋਨੇ ਦੀ ਸਿੱਧੀ ਬਿਜਾਈ ਦਾ ਪੈਂਤੜਾ ਵੀ ਸਫ਼ਲ ਰਿਹਾ। ਫ਼ਸਲਾਂ ’ਤੇ ਕਿਸੇ ਵੱਡੇ ਬਿਮਾਰੀ ਹੱਲੇ ਤੋਂ ਬਚਾਅ ਰਿਹਾ। ਪਹਿਲੀ ਦਫ਼ਾ ਹੈ ਕਿ ਮੌਸਮ ਅਤੇ ਬਿਮਾਰੀ ਤੋਂ ਫਸਲਾਂ ਦੀ ਬੱਚਤ ਰਹੀ ਹੈ, ਜਿਸ ਕਰਕੇ ਲਾਗਤ ਖ਼ਰਚਿਆਂ ਵਿੱਚ ਵੀ ਕਮੀ ਆਈ ਹੈ। ਪੰਜਾਬ ਸਰਕਾਰ ਨੇ ਕਿਸਾਨੀ ਦਾ ਦਿਲ ਜਿੱਤਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਤਿੰਨ ਖੇਤੀ ਸੋਧ ਬਿੱਲ ਪਾਸ ਕੀਤੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਕੁਰਸੀ ਤਿਆਗਣੀ ਪਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐੱਨਡੀਏ ਨਾਲੋਂ ਨਾਤਾ ਤੋੜਨਾ ਪਿਆ।
ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੀ ਘੇਰਾਬੰਦੀ ਵੀ ਕੀਤੀ। ਇਨ੍ਹਾਂ ਦੀਆਂ ਨਜ਼ਰਾਂ ਸਭ ਸਿਆਸੀ ਧਿਰਾਂ ਤੋਂ ਦੂਰ ਰਹੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਅੰਦੋਲਨ ’ਤੇ ਕੋਈ ਸਿਆਸੀ ਪੁੱਠ ਨਹੀਂ ਚੜ੍ਹਨ ਦਿੱਤੀ। ਕਿਸਾਨਾਂ ਲਈ ਭਾਜਪਾ ਇਸ ਵਰ੍ਹੇ ਪੂਰਨ ਤੌਰ ’ਤੇ ਖਲਨਾਇਕ ਹੋ ਨਿੱਬੜੀ। ਇਸੇ ਵਰ੍ਹੇ ਦੇ ਅੱਧ ਮਗਰੋਂ ਸਭ ਤਿੱਥ ਤਿਉਹਾਰ ਕਿਸਾਨੀ ਲਈ ਫਿੱਕੇ ਰਹੇ। ਦਸਹਿਰੇ ਮੌਕੇ ਕਿਸਾਨਾਂ ਨੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਅਤੇ ਕਾਲੀ ਦੀਵਾਲੀ ਮਨਾਈ।
ਭਾਵੇਂ ਕਰਜ਼ੇ ਦੀ ਪੰਡ ਤੋਂ ਕਿਸਾਨੀ ਦਾ ਖਹਿੜਾ ਨਹੀਂ ਛੁੱਟਿਆ ਪਰ ਕਿਸਾਨੀ ਘੋਲ ਕਰਕੇ ਖੁਦਕੁਸ਼ੀਆਂ ਦੇ ਰੁਝਾਨ ਨੂੰ ਜ਼ਰੂਰ ਮੋੜਾ ਪਿਆ ਹੈ। ਸਹਿਕਾਰੀ ਬੈਂਕਾਂ ਦੀ ਵਸੂਲੀ ਨੂੰ ਵੀ ਇਸ ਮਾਰ ਮੰਦਾ ਝੱਲਣਾ ਪਿਆ। ਕਿਸਾਨੀ ਪਰਿਵਾਰਾਂ ਨੂੰ ਇਸ ਵਰ੍ਹੇ ਵਿਚ ਕੋਵਿਡ ਦਾ ਇੰਨਾ ਕੁ ਫਾਇਦਾ ਮਿਲਿਆ ਕਿ ਵਿਆਹ ਸਾਦ ਮੁਰਾਦੇ ਹੀ ਕੀਤੇ ਗਏ। ਕੁੱਲ ਮਿਲਾ ਕੇ ਇਸ ਵਰ੍ਹੇ ਖੇਤ ਸੁੰਨੇ ਰਹੇ ਅਤੇ ਕਿਸਾਨੀ ਦਾ ਜੋਸ਼ ਤੇ ਜਜ਼ਬਾ ਅਸਮਾਨੀ ਚੜ੍ਹਿਆ ਰਿਹਾ। ਸਾਹਿਤ ਦਾ ਕੇਂਦਰ ਬਿੰਦੂ ਵੀ ਕਿਸਾਨ ਹੀ ਰਿਹਾ।
ਹਰ ਵਰਗ ਦੇ ਸਾਥ ਨਾਲ ਮਿਲਿਆ ਕਿਸਾਨਾਂ ਨੂੰ ਧਰਵਾਸ
ਬੇਸ਼ੱਕ ਵਰ੍ਹਾ 2020 ਖੇਤੀ ਕਾਨੂੰਨਾਂ ਕਰਕੇ ਕਦੇ ਵੀ ਕਿਸਾਨਾਂ ਨੂੰ ਭੁੱਲੇਗਾ ਨਹੀਂ ਪਰ ਕਿਸਾਨ ਇਸ ਗੱਲੋਂ ਧਰਵਾਸ ਵਿੱਚ ਹਨ ਕਿ ਸਮੁੱਚਾ ਪੰਜਾਬ ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕੋ ਮੋਰੀ ਲੰਘਿਆ ਹੈ। ਪੇਂਡੂ ਭਾਈਚਾਰਾ ਇੱਕ ਹੋਇਆ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ ਅਤੇ ਆੜ੍ਹਤੀਆਂ ਦੇ ਸੁਰ ਵੀ ਕਿਸਾਨ ਪੱਖੀ ਹੋਏ ਹਨ। ਸਮਾਜ ਦੇ ਲਗਪਗ ਹਰ ਵਰਗ ਨੇ ਦਿੱਲੀ ਮੋਰਚੇ ’ਚ ਸ਼ਮੂਲੀਅਤ ਕੀਤੀ। ਕੌਮਾਂਤਰੀ ਭਾਈਚਾਰਾ ਵੀ ਇਸ ਵਰ੍ਹੇ ਅੰਨਦਾਤੇ ਦੀ ਪਿੱਠ ’ਤੇ ਆਇਆ। ਕਿਸਾਨ ਜਥੇਬੰਦੀਆਂ ਨੇ ਵੀ ਲੋਕਾਂ ਦੇ ਦਿਲ ਜਿੱਤੇ। ਪੰਜਾਬ ਦੀਆਂ ਸਾਰੀਆਂ ਕਿਸਾਨ ਧਿਰਾਂ ਨੇ ਕਿਸਾਨੀ ਘੋਲ ਨੂੰ ਪੂਰੇ ਅਨੁਸ਼ਾਸਨ ਵਿਚ ਚਲਾ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ। ਕਿਸਾਨ ਧਿਰਾਂ ਵਿਚ ਆਪਸੀ ਤਾਲਮੇਲ ਅਤੇ ਏਕਤਾ ਨੇ ਕੇਂਦਰੀ ਚਾਲਾਂ ਨੂੰ ਪੁੱਠਾ ਗੇੜਾ ਦੇ ਦਿੱਤਾ। ਕਿਸਾਨ ਧਿਰਾਂ ਦੇ ਮੁੱਖ ਆਗੂਆਂ ਨੇ ਕੇਂਦਰ ਨੂੰ ਗੱਲਬਾਤ ਦੇ ਟੇਬਲ ’ਤੇ ਵੀ ਲੋਟਣੀ ਲਵਾ ਦਿੱਤੀ। ਕਿਸਾਨ ਧਿਰਾਂ ਨੇ ਕੇਂਦਰ ਵਿਚ ਕਿਸਾਨੀ ਦਾ ਕੇਸ ਪੂਰੇ ਜਜ਼ਬੇ ਤੇ ਨਿਡਰਤਾ ਨਾਲ ਲੜਿਆ। ਇੰਨਾ ਜ਼ਰੂਰ ਹੈ ਕਿ ਕਿਸਾਨੀ ਨੂੰ ਪੂਰਾ ਵਰ੍ਹਾ ਸੜਕਾਂ ਅਤੇ ਰੇਲ ਮਾਰਗਾਂ ’ਤੇ ਰੁਲਣਾ ਪਿਆ ਹੈ।