ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 20 ਅਪਰੈਲ
ਕ੍ਰਾਂਤੀਕਾਰੀ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਕਾਮਰੇਡ ਮੋਹਨ ਸਿੰਘ ਦੀ ਅਗਵਾਈ ਵਿਚ ਖਰੀਦ ਕੇਂਦਰ ਰੂੜੇਕੇ ਕਲਾਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਹਾਜ਼ਰ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਡੀ ਵਿਚ ਬਾਰਦਾਨਾ ਨਾ ਪੁੱਜਣ ’ਤੇ ਅੱਜ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਨ੍ਹਾਂ ਪ੍ਰਸ਼ਾਸਨ ਨੂੰ ਕੱਲ੍ਹ ਤੱਕ ਬਰਦਾਨਾ ਨਾ ਦੇਣ ’ਤੇ ਬਰਨਾਲਾ ਮਾਨਸਾ ਰੋਡ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ।
ਭੁੱਚੋ ਮੰਡੀ(ਪਵਨ ਗੋਇਲ): ਇਲਾਕੇ ਦੇ ਖਰੀਦ ਕੇਂਦਰਾਂ ’ਤੇ ਬਾਰਦਾਨਾ ਖ਼ਤਮ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ ਹਨ। ਇਸ ਕਾਰਨ ਖਰੀਦ ਏਜੰਸੀਆਂ ਬੋਲੀ ਨਹੀਂ ਲਗਾ ਰਹੀਆਂ। ਲਿਫ਼ਟਿੰਗ ਦਾ ਕੰਮ ਵੀ ਸੁਸਤ ਚੱਲ ਰਿਹਾ ਹੈ। ਮੰਡੀਆਂ ਗੱਟਿਆਂ ਨਾਲ ਭਰੀਆਂ ਹੋਣ ਕਾਰਨ ਕਿਸਾਨਾਂ ਨੂੰ ਫਸਲ ਲਾਹੁਣ ਵਿੱਚ ਮੁਸ਼ਕਲ ਆ ਰਹੀ ਹੈ। ਸਥਾਨਕ ਅਨਾਜ ਮੰਡੀ ਵਿੱਚ ਬੋਲੀ ਦੀ ਉਡੀਕ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਕਣਕ ਵੇਚਣ ਲਈ ਬੈਠੇ ਹੋਏ ਹਨ ਅਤੇ ਕਿੰਨੇ ਦਿਨ ਹੋਰ ਲੱਗਣਗੇ, ਇਹ ਵੀ ਨਹੀਂ ਪਤਾ। ਉਪਰੋਂ ਖਰਾਬ ਮੌਸਮ ਨੇ ਸਾਹ ਸੂਤੇ ਹੋਏ ਹਨ। ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਰਦਾਨਾ ਕੰਮ ਚਲਾਉਣ ਲਈ ਹੈ, ਪਰ ਸਰਪਲੱਸ ਨਹੀਂ ਹੈ।
ਤਪਾ ਮੰਡੀ(ਪੱਤਰ ਪ੍ਰੇਰਕ): ਪਿੰਡ ਢਿੱਲਵਾਂ ਦੇ ਖ਼ਰੀਦ ਕੇਂਦਰ ਵਿੱਚ ਵੀ ਕਿਸਾਨਾਂ ਨੇ ਕਣਕ ਦੀ ਬੋਲੀ ਨਾ ਲੱਗਣ, ਬਾਰਦਾਨਾ ਨਾ ਮਿਲਣ ਅਤੇ ਕਣਕ ਦੀ ਲਦਾਈ ਨਾ ਹੋਣ ਕਰਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਟੱਲੇਵਾਲ(ਪੱਤਰ ਪ੍ਰੇਰਕ): ਖ਼ੇਤਰ ਦੇ ਪਿੰਡ ਚੀਮਾ, ਭੋਤਨਾ, ਟੱਲੇਵਾਲ, ਰਾਮਗੜ, ਮੱਲੀਆਂ ਅਤੇ ਚੂੰਘਾਂ ਦੀਆਂ ਦਾਣਾ ਮੰਡੀਆਂ ’ਚ ਕਿਸਾਨ ਬਾਰਦਾਨੇ ਦੀ ਘਾਟ ਕਾਰਨ ਦੁਖ਼ੀ ਹਨ। ਕਿਸਾਨਾਂ ਨੇ ਭਲਕੇ ਚੱਕਾ ਜਾਮ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਦੇ ਦਾਅਵੇ ਖੋਖਲੇ: ਮਲੂਕਾ
ਭਗਤਾ ਭਾਈ(ਰਾਜਿੰਦਰ ਸਿੰਘ ਮਰਾਹੜ): ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਕੈਬਨਿਟ ਮੰਤਰੀਆਂ ਵੱਲੋਂ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉਣ ਦੇਣ ਅਤੇ ਵਧੀਆ ਖਰੀਦ ਪ੍ਰਬੰਧਾਂ ਸਬੰਧੀ ਕੀਤੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਵਾਲੇ ਸ੍ਰੀ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਖਰੀਦ ਦੇ ਪ੍ਰਬੰਧ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
‘ਆਪ’ ਨੇ ਲਗਾਇਆ ਧਰਨਾ
ਸ੍ਰੀ ਮੁਕਤਸਰ ਸਾਹਿਬ(ਪ੍ਰੀਤ):ਨਵੀਂ ਦਾਣਾ ਮੰਡੀ ਵਿੱਚ ਬਾਰਦਾਨੇ ਦੀ ਕਮੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਕੈਪਟਨ ਤੇ ਮੋਦੀ ਰਲ ਕੇ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ।