ਪਰਸ਼ੋਤਮ ਬੱਲੀ
ਬਰਨਾਲਾ, 21 ਜੂਨ
ਤੀਹ ਜਥੇਬੰਦੀਆਂ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦੇ ਅੱਜ 264ਵੇਂ ਦਿਨ ਬੁਲਾਰਿਆਂ ਨੇ ਐਲਾਨ ਕੀਤਾ ਕਿ ਪੰਜਾਬ ਭਾਜਪਾ ਵੱਲੋਂ ਸਾਖ ਬਹਾਲੀ ਲਈ 25 ਜੂਨ ਨੂੰ ਉਲੀਕੇ ਜਨਤਕ ਪ੍ਰੋਗਰਾਮਾਂ ਦਾ ਕਿਸਾਨ ਵਿਰੋਧ ਕਰਨਗੇ। ਅੱਜ ਧਰਨੇ ’ਚ ਕਿਸਾਨ ਆਗੂ ਮਨਜੀਤ ਰਾਜ ਦੇ ਭਰਾ ਭੂਸ਼ਣ ਕੁਮਾਰ ਹੰਢਿਆਇਆ ਤੇ ਕਿਸਾਨ ਇਸਤਰੀ ਆਗੂ ਪਰਮਜੀਤ ਕੌਰ ਠੀਕਰੀਵਾਲਾ ਦੀ ਸੱਸ ਸੁਰਜੀਤ ਕੌਰ ਦੇ ਦੇਹਾਂਤ ਉਪਰੰਤ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ ਤੇ ਅਮਰਜੀਤ ਕੌਰ ਸਣੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕੀਤਾ। ਅੱਜ ਗਗਨਦੀਪ ਕੌਰ, ਗੁਰਬਾਜ ਸਿੰਘ, ਪ੍ਰੇਮਪਾਲ ਕੌਰ ਅਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਧਨੌਲਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੁੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕੌਮੀ ਮਾਰਗ-7 ‘ਤੇ ਧਨੌਲਾ ਨਜ਼ਦੀਕ ਸਥਿਤ ਰਿਲਾਇੰਸ ਪੰਪ ਉਤੇ ਧਰਨਾ ਲਗਾਤਾਰ ਜਾਰੀ ਹੈ। ਸਟੇਜ ਸਕੱਤਰ ਰਾਮਪਾਲ ਸਿੰਘ ਧਨੌਲਾ ਨੇ ਦੱਸਿਆ ਕਿ ਝੋਨੇ ਦੀ ਲੁਆਈ ਦਾ ਸੀਜ਼ਨ ਹੋਣ ਦੇ ਬਾਵਜੂਦ ਵੀ ਕਿਸਾਨ ਵੱਡੇ ਪੱਧਰ ’ਤੇ ਧਰਨੇ ਵਿੱਚ ਪਹੁੰਚਦੇ ਹਨ ਅਤੇ ਉਨ੍ਹਾਂ ਦਾ ਹੌਸਲਾ ਅੱਜ ਵੀ ਪਹਿਲੇ ਦਿਨ ਵਾਂਗ ਬਰਕਰਾਰ ਹੈ। ਉਧਰ ਇਥੇ ਬੀਕੇਯੂ ਕਾਦੀਆਂ ਦੇ ਸਲਾਹਕਾਰ ਗੁਰਵਿੰਦਰ ਬਾਵੀ ਨੇ ਦੱਸਿਆ ਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਧਨੌਲਾ ਤੋਂ 26 ਜੂਨ ਨੂੰ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ’ਤੇ ਰਾਜ ਭਵਨ ਚੰਡੀਗੜ੍ਹ ਲਈ ਕਾਫਲਾ ਰਵਾਨਾ ਹੋਵੇਗਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਤੇ ਇਕ ਪੈਟਰੋਲ ਪੰਪ ਦੇ ਧਰਨੇ ਵਿੱਚ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਕਿਸੇ ਵਰਗ ਲਈ ਸਹੀ ਨਹੀਂ ਹਨ, ਜਿਨ੍ਹਾਂ ਦਾ ਵਿਰੋਧ ਜਾਰੀ ਰਹੇਗਾ। ਬੁਲਾਰਿਆਂ ਵਿੱਚ ਗੁਰਮੇਲ ਸਿੰਘ ਰੰਗੜਿਆਲ, ਲੀਲਾ ਸਿੰਘ, ਸੁੱਖਾ ਸਿੰਘ ਕਿਸ਼ਨਗੜ੍ਹ ਤੇ ਮੱਖਣ ਸਿੰਘ ਬਰੇਟਾ ਸਣੇ ਹੋਰ ਕਈ ਆਗੂ ਸ਼ਾਮਲ ਸਨ।