ਗਗਨਦੀਪ ਅਰੋੜਾ
ਲੁਧਿਆਣਾ, 1 ਦਸੰਬਰ
ਕਿਸਾਨ ਅੰਦੋਲਨ ਵਿੱਚ ਕੁਝ ਸ਼ਰਾਰਤੀ ਨੌਜਵਾਨਾਂ ਦੀਆਂ ਹਰਕਤਾਂ ਨੂੰ ਲੈ ਕੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪਾਰਾ ਚੜ੍ਹ ਗਿਆ ਹੈ। ਕਿਸਾਨੀ ਸੰਘਰਸ਼ ਵਿੱਚ ਖਾਲਿਸਤਾਨ ਦੇ ਲੱਗੇ ਨਾਅਰਿਆਂ ਸਬੰਧੀ ਅੱਜ ਵੀਡੀਓ ਬਿਆਨ ਜਾਰੀ ਕਰਕੇ ਬਿੱਟੂ ਨੇ ਕਿਹਾ ਕਿ ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਕਿਸਾਨ ਤਾਂ ਆਰਾਮ ਨਾਲ ਪਿੱਛੇ ਬੈਠੇ ਪਾਠ ਕਰ ਰਹੇ ਹਨ ਪਰ ਕੁਝ ਸ਼ਰਾਰਤੀ ਨੌਜਵਾਨ ਇਸ ਅੰਦੋਲਨ ਨੂੰ ਬਰਬਾਦ ਕਰਨ ’ਚ ਲੱਗੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੇ ਧੜੇ ਬਣਾਏ ਹੋਏ ਹਨ, ਜੋ ਵੱਖ-ਵੱਖ ਸਿਆਸੀ ਆਗੂਆਂ ਖ਼ਿਲਾਫ਼ ਬੋਲ ਰਹੇ ਹਨ। ਲੋਕ ਸਭਾ ਮੈਂਬਰ ਬਿੱਟੂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਨਹੀਂ ਤਾਂ ਅੰਦੋਲਨ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਯੂਨੀਅਨ ਆਗੂ ਅੱਗੇ ਆ ਕੇ ਇਨ੍ਹਾਂ ਨੌਜਵਾਨਾਂ ਨੂੰ ਸੰਭਾਲਣ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਆਪਣਾ ਸਮਰਥਨ ਦੇਣ ਆਵੇ, ਉਸ ਨੂੰ ਸਨਮਾਨ ਦਿੱਤਾ ਜਾਣਾ ਜ਼ਰੂਰੀ ਹੈ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਰੇ ਲੋਕ ਪਿੱਛੇ ਹੱਟਣੇ ਸ਼ੁਰੂ ਹੋ ਜਾਣਗੇ।