ਸ਼ਗਨ ਕਟਾਰੀਆ
ਬਠਿੰਡਾ, 23 ਜੂਨ
ਜ਼ਿਲ੍ਹਾ ਬਠਿੰਡਾ ਦੇ ਪਿੰਡ ਜੱਸੀ ਬਾਗ ਵਾਲੀ ਵਿੱਚ ਲਗਪਗ ਦੋ ਹਫ਼ਤੇ ਪਹਿਲਾਂ ਆਪਣੇ ਖੇਤ ’ਚੋਂ ਮਿੱਟੀ ਪੁੱਟ ਰਹੇ ਇਕ ਕਿਸਾਨ ’ਤੇ ਖਣਨ ਕਾਨੂੰਨ ਤਹਿਤ ਦਰਜ ਕੀਤਾ ਗਿਆ ਪਰਚਾ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜੇਸੀਬੀ ਐਸੋਸੀਏਸ਼ਨ ਵੀ ਵੱਡੀ ਗਿਣਤੀ ’ਚ ਮਸ਼ੀਨਾਂ ਲੈ ਕੇ ਪਹੁੰਚੀ। ਡੀਸੀ ਦੀ ਗ਼ੈਰਮੌਜੂਦਗੀ ਵਿੱਚ ਤਹਿਸੀਲਦਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਤੋਂ ਮੰਗ ਪੱਤਰ ਹਾਸਲ ਕੀਤਾ, ਜਿਸ ਮਗਰੋਂ ਰੋਸ ਪ੍ਰਦਰਸ਼ਨ ਦੀ ਸਮਾਪਤੀ ਹੋਈ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਇਹ ਪਰਚਾ ਬੀਤੀ 10 ਜੂਨ ਨੂੰ ਥਾਣਾ ਸੰਗਤ ਅਧੀਨ ਆਉਂਦੀ ਪਿੰਡ ਪਥਰਾਲਾ ਦੀ ਪੁਲੀਸ ਚੌਕੀ ਦੇ ਅਧਿਕਾਰੀਆਂ ਵੱਲੋਂ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਜੱਸੀ ਬਾਗ ਵਾਲੀ ਦਾ ਇੱਕ ਕਿਸਾਨ ਜੇਸੀਬੀ ਦੀ ਮਦਦ ਨਾਲ ਜਦੋਂ ਆਪਣੇ ਹੀ ਖੇਤ ਦਾ ਪੱਧਰ ਸਾਵਾਂ ਕਰ ਰਿਹਾ ਸੀ ਤਾਂ ਪੁਲੀਸ ਨੇ ਕੰਮ ਰੁਕਵਾ ਕੇ, ਜੇਸੀਬੀ ਤੇ ਇੱਕ ਟਰਾਲੇ ਨੂੰ ਕਬਜ਼ੇ ’ਚ ਲੈਣ ਸਮੇਤ ਕਿਸਾਨ ’ਤੇ ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ।
ਕਿਸਾਨ ਆਗੂ ਅਨੁਸਾਰ ਮਾਲਵੇ ਦੇ ਕਰੀਬ ਅੱਧੀ ਦਰਜਨ ਜ਼ਿਲ੍ਹੇ ਅਜਿਹੇ ਹਨ, ਜਿੱਥੇ ਕਰੀਬ 25 ਤੋਂ 35 ਫੁਟ ਉੱਚੇ ਟਿੱਬੇ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ’ਚ ਇਥੋਂ ਉੱਡਦੀ ਗਰਮ ਰੇਤ ਨੇੜਲੀਆਂ ਜ਼ਮੀਨਾਂ ’ਚ ਉੱਗੀਆਂ ਫ਼ਸਲਾਂ ਨੂੰ ਭੱਠੀ ਦੀਆਂ ਖਿੱਲਾਂ ਵਾਂਗ ਭੁੰਨ ਦਿੰਦੀ ਹੈ ਜਦਕਿ ਬਰਸਾਤੀ ਪਾਣੀ ਇਕੱਠਾ ਹੋਣ ਕਾਰਨ ਵੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਵਿਚਲੇ ਟਿੱਬਿਆਂ ਨੂੰ ਪੱਧਰਾ ਕਰਕੇ ਇਸ ਤੋਂ ਉਪਜਾਊ ਲਾਭ ਲੈਣਾ ਚਾਹੁੰਦੇ ਹਨ, ਪਰ ਮਾਈਨਿੰਗ ਐਕਟ ਦੇ 3 ਫੁੱਟ ਦੀ ਖੁਦਾਈ ਦੇ ਨਿਯਮ ਅੜਿੱਕਾ ਬਣਦੇ ਹਨ।
ਉਨ੍ਹਾਂ ਕਿਹਾ ਕਿ ਮੋਗਾ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚੋਂ ਦਰਿਆ ਲੰਘਦੇ ਹਨ, ਇਸ ਲਈ ਮਾਈਨਿੰਗ ਵਾਲੀ ਗੱਲ ਉਥੇ ਕਿਸੇ ਹੱਦ ਤੱਕ ਮੰਨਣਯੋਗ ਹੋ ਸਕਦੀ ਹੈ, ਪਰ ਸਰਕਾਰ ਨੂੰ ਫ਼ਾਜ਼ਿਲਕਾ, ਬਠਿੰਡਾ, ਬਰਨਾਲਾ ਵਰਗੇ ਰੇਤਲੇ ਜ਼ਿਲ੍ਹਿਆਂ ਨੂੰ ਇਸ ਐਕਟ ਤੋਂ ਛੋਟ ਦੇਣੀ ਚਾਹੀਦੀ ਹੈ। ਇਸ ਮੌਕੇ ਕਿਸਾਨ ’ਤੇ ਦਰਜ ਕੀਤਾ ਪਰਚਾ ਰੱਦ ਕਰਨ ਤੇ ਜ਼ਬਤ ਕੀਤੀ ਮਸ਼ੀਨਰੀ ਵਾਪਸ ਕਰਨ ਦੀ ਮੰਗ ਕੀਤੀ ਗਈ।