ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਰਾਜਪੁਰਾ, 11 ਜੁਲਾਈ
ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਭਾਜਪਾ ਦਰਮਿਆਨ ਜਾਰੀ ਰੇੜਕੇ ਦਰਮਿਆਨ ਅੱਜ ਰਾਜਪੁਰਾ ਵਿੱਚ ਤਣਾਅ ਵਾਲੇ ਹਾਲਾਤ ਬਣ ਗਏ ਹਨ। ਪਟਿਆਲਾ ਵਾਸੀ ਭਾਜਪਾ ਦੇ ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਆਗੂਆਂ ਨੂੰ ਐਤਵਾਰ ਦੇਰ ਰਾਤ ਤੱਕ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਵਿਚਲੀ ਕੋਠੀ ਵਿਚ ਬੰਦੀ ਬਣਾਇਆ ਹੋਇਆ ਸੀ। ਇਥੇ ਸੈਂਕੜੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ। ਪੰਜਾਬ ’ਚ ਕਿਸਾਨਾਂ ਵੱਲੋਂ ਭਾਵੇਂ ਕਈ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਚੁੱਕਾ ਹੈ, ਪਰ ਰਾਜਪੁਰਾ ਸ਼ਹਿਰ ਵਿਚਲੀ ਇਹ ਘਟਨਾ ਹੋਰ ਵੀ ਵੱਡੀ ਤੇ ਘਾਤਕ ਮੰਨੀ ਜਾ ਰਹੀ ਹੈ। ਪਟਿਆਲਾ ਦੇ ਡੀਆਈਜੀ ਵਿਕਰਮਜੀਤ ਦੁੁੱਗਲ ਖੁਦ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਸਨ। ਗੁਆਂਢੀ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਦੀ ਵਾਰਡ ਨੰਬਰ 15 ’ਚ ਭਾਜਪਾ ਦੇ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ’ਚ ਅੱਜ ਦਿਨ ਵੇਲੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਦੀ ਅਗਵਾਈ ਹੇਠਾਂ ਜ਼ਿਲ੍ਹਾ ਪੱਧਰੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦਾ ਪਤਾ ਲਗਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕਰ ਲਿਆ। ਪੁਲੀਸ ਨੇ ਭਾਵੇਂ ਮੌਕੇ ’ਤੇ ਪੁੱਜ ਕੇ ਇਨ੍ਹਾਂ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ, ਪਰ ਇਸ ਦੌਰਾਨ ਰੋਹ ’ਚ ਆਏ ਕਿਸਾਨਾਂ ਨੇ ਇੱਕ ਕੌਂਸਲਰ ਸਮੇਤ ਕੁਝ ਕੁ ਹੋਰ ਭਾਜਪਾ ਕਾਰਕੁਨਾਂ ਦੀ ਖਿੱਚਧੂਹ ਵੀ ਕੀਤੀ। ਇਸ ਮਗਰੋਂ ਭਾਜਪਾ ਆਗੂ ਭੁਪੇਸ਼ ਅਗਰਵਾਲ ਤੇ ਹੋਰਾਂ ਨੇ ਰਾਜਪੁਰਾ ਵਿਚਲੇ ਹੀ ਲਾਇਨਜ਼ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਇਸ ਘਟਨਾ ਪਿੱਛੇ ਕਾਂਗਰਸ, ‘ਆਪ’ ਤੇ ਅਕਾਲੀ ਦਲ ਦਾ ਹੱਥ ਦੱਸਿਆ। ਇਸ ਮੌਕੇ ਭਾਜਪਾ ਆਗੂ ਭੁਪੇਸ਼ ਅਗਰਵਾਲ ਨੇ ਕਿਸਾਨਾਂ ਨੂੰ ਕਥਿਤ ਚੁਣੌਤੀ ਦਿੱਤੀ ਕਿ ‘ਉਹ ਹੁਣ ਮੀਟਿੰਗ ਕਰਨ ਜਾ ਰਿਹਾ ਹੈ, ਹਿੰਮਤ ਹੈ ਤਾਂ ਉਸ ਨੂੰ ਆ ਕੇ ਰੋਕ ਲੈਣ।’ ਇਸ ਮਗਰੋਂ ਭੁਪੇਸ਼ ਅਗਰਵਾਲ ਜਦੋਂ ਆਪਣੇ ਕੁਝ ਸਾਥੀਆਂ ਸਮੇਤ ਰਾਜਪੁਰਾ ਦੀ ਅਰਜਨ ਕਲੋਨੀ ਸਥਿਤ ਭਾਜਪਾ ਕਾਰਕੁਨ ਦੀ ਕੋਠੀ ’ਚ ਗਿਆ, ਤਾਂ ਸੈਂਕੜੇ ਕਿਸਾਨਾਂ ਨੇ ਉਨ੍ਹਾਂ ਦੀ ਘੇਰਾਬੰਦੀ ਕਰ ਲਈ।