ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 10 ਫਰਵਰੀ
ਸਰਹਿੰਦ ਸ਼ਹਿਰ ਵਿਚ ਵਾਰਡ ਨੰਬਰ 17 ਤੋਂ ਭਾਜਪਾ ਉਮੀਦਵਾਰ ਵਰਿੰਦਰ ਕੌਰ ਤੇ ਵਾਰਡ ਨੰਬਰ 20 ਤੋਂ ਉਮੀਦਵਾਰ ਅਮਰੀਸ਼ ਸ਼ਰਮਾ ਦੇ ਸਾਂਝੇ ਦਫ਼ਤਰ ਅੱਗੇ ਕਿਸਾਨਾਂ ਨੇ ਪਹੁੰਚ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀ ਕੀਤੇ ਜਾਂਦੇ ਉਦੋਂ ਤੱਕ ਭਾਜਪਾ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਭਾਜਪਾ ਉਮੀਦਵਾਰਾਂ ਨੇ ਦਫ਼ਤਰ ਬੰਦ ਕਰ ਦਿੱਤਾ ਅਤੇ ਕੁੱਝ ਸਮੇਂ ਬਾਅਦ ਭਾਜਪਾ ਦੇ ਸੀਨੀਅਰ ਆਗੂਆਂ ਦੇ ਪਹੁੰਚਣ ’ਤੇ ਮੁੜ ਖੋਲ੍ਹ ਦਿੱਤਾ ਅਤੇ ਪੁਲੀਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ। ਬਾਅਦ ਵਿਚ ਪੰਜਾਬ ਦੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸੀਨੀਅਰ ਭਾਜਪਾ ਆਗੂ ਸ਼ਸ਼ੀ ਭੂਸ਼ਨ ਗੁਪਤਾ, ਭਾਜਪਾ ਮੰਡਲ ਸਰਹਿੰਦ ਦੇ ਪ੍ਰਧਾਨ ਅੰਕੁਰ ਸ਼ਰਮਾ ਅਤੇ ਜਰਨਲ ਸਕੱਤਰ ਯੋਗੇਸ਼ ਰਤਨ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੀ ਕਥਿਤ ਸ਼ਹਿ ’ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੰਗ ਪੱਤਰ ਦੇ ਕੇ ਭਾਜਪਾ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਭਾਜਪਾ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਰਜਨੀਸ਼ ਸੂਦ ਨੇ ਬਾਅਦ ਵਿਚ ਮੌਕੇ ’ਤੇ ਜਾ ਕੇ ਸਾਰਾ ਜਾਇਜ਼ਾ ਲਿਆ। ਸੰਪਰਕ ਕਰਨ ’ਤੇ ਉਲ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾਵੇਗਾ। ਇਸੇ ਦੌਰਾਨ ਸਰਹਿੰਦ ਹਲਕੇ ਦੇ ਸਾਬਕਾ ਵਿਧਾਇਕ ਅਤੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਭੱਟੀ ਅਤੇ ਉਨ੍ਹਾਂ ਦੇ ਪੁੱਤਰ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਵੱਖ-ਵੱਖ ਵਾਰਡਾਂ ਵਿਚ ਚੋਣ ਜਲਸੇ ਕਰਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਤੱਕੜੀ’ ਦੇ ਨਿਸ਼ਾਨ ’ਤੇ ਵੋਟ ਦੇ ਕੇ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕਰਨ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਸ਼ਹਿਰ ਦੇ ਹੋਏ ਵਿਕਾਸ ਬਾਰੇ ਹਰ ਵੋਟਰ ਜਾਣੂ ਹੈ ਜਦੋਂਕਿ ਮੌਜੂਦਾ ਸਮੇਂ ਕਾਂਗਰਸ ਸਰਕਾਰ ਨੇ ਵਿਕਾਸ ਦੀ ਥਾਂ ਵਿਨਾਸ਼ ਕੀਤਾ ਹੈ। ਪੰਜਾਬ ਦੇ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ, ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਗਰਗ, ਸਾਬਕਾ ਪ੍ਰਧਾਨ ਐਸ.ਐਨ ਸ਼ਰਮਾ, ਸ਼ਸ਼ੀ ਭੂਸ਼ਨ ਗੁਪਤਾ, ਸਰਹਿੰਦ ਮੰਡਲ ਦੇ ਪ੍ਰਧਾਨ ਅੰਕੁਰ ਸ਼ਰਮਾ ਅਤੇ ਜਰਨਲ ਸਕੱਤਰ ਯੋਗੇਸ਼ ਰਤਨ ਦੀ ਅਗਵਾਈ ਹੇਠ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਕੁਰਾਲੀ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਦੀ ਚੋਣ ਨੂੰ ਹੁਲਾਰਾ ਦਿੰਦਿਆਂ ਸ਼ਹਿਰ ਦੇ ਆਗੂਆਂ ਬਹਾਦਰ ਸਿੰਘ ਓਕੇ, ਜਥੇਦਾਰ ਤੇਜਪਾਲ ਸਿੰਘ, ਖੁਸ਼ਵੀਰ ਸਿੰਘ ਹੈਪੀ ਤੇ ਪਰਦੀਪ ਰੂੜਾ ਨੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਵਾਰਡ ਦੀ ਕਲੋਨੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਭਾਵਨਾ ਸ਼ਰਮਾ ਨੇ ਵਾਰਡ ਦੀ ਸੇਵਾ ਦੀ ਮੰਗ ਕੀਤੀ। ਇਸ ਦੌਰਾਨ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਾਰਡ ਦੇ ਸਾਬਕਾ ਕੌਂਸਲਰ ਤੇ ਨੌਜਵਾਨ ਆਗੂ ਬਹਾਦਰ ਸਿੰਘ ਓਕੇ ਨੇ ਵਾਰਡ ਦੀ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਵਾਰਡ ਵਿੱਚ ਵਿਕਾਸ ਕਾਰਜ ਜਾਰੀ ਰੱਖਣ ਲਈ ਭਾਵਨਾ ਸ਼ਰਮਾ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਇਸੇ ਦੌਰਾਨ ਜਥੇਦਾਰ ਤੇਜਪਾਲ ਸਿੰਘ, ਪਰਦੀਪ ਰੂੜਾ, ਕਰਨਲ ਦੀਦਾਰ ਸਿੰਘ ਤੇ ਡਾ. ਅਸ਼ਵਨੀ ਸ਼ਰਮਾ ਅਤੇ ਹੋਰਨਾਂ ਵਾਰਡ ਵਾਸੀਆਂ ਨੇ ਵਾਰਡ ਦੇ ਵਿਕਾਸ ਲਈ ਪਿਛਲੇ ਸਮੇਂ ਦੌਰਾਨ ਬਹਾਦਰ ਸਿੰਘ ਓਕੇ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਵਾਰਡ ਨੂੰ ਹੋਰ ਵਿਕਸਿਤ ਕਰਨ ਲਈ ਭਾਵਨਾ ਸ਼ਰਮਾ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਨੇ ਵਾਰਡ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕਰਦਿਆਂ ਪਿਛਲੇ ਸਮੇਂ ਤੋਂ ਚੱਲਦੇ ਆ ਰਹੇ ਵਿਕਾਸ ਦੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ।

ਮੋਰਿੰਡਾ (ਪੱਤਰ ਪ੍ਰੇਰਕ): ਸਥਾਨਕ ਨਿਗਮ ਚੋਣਾਂ ਵਿੱਚ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਉਮੀਦਵਾਰ ਜਗਪਾਲ ਸਿੰਘ ਜੌਲੀ ਨੂੰ ਵਾਰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ। ਇਸ ਮੌਕੇ ਸ੍ਰੀ ਜੌਲੀ ਨੇ ਕਿਹਾ ਕਿ ਉਹ ਪਹਿਲਾਂ ਵੀ 10 ਸਾਲਾਂ ਤੋਂ ਵੱਧ ਸਮਾਂ ਸ਼ਹਿਰ ਵਾਸੀਆਂ ਦੀ ਸੇਵਾ ਬਤੌਰ ਨਗਰ ਕੌਂਸਲਰ ਕਰ ਚੁੱਕੇ ਹਨ ਤੇ ਸ਼ਹਿਰ ਦੇ ਲੋਕਾਂ ਵੱਲੋਂ ਜਦੋਂ ਵੀ ਅਤੇ ਜਿਹੜੇ ਵੀ ਸਮੇਂ ਕਿਸੇ ਮੁਸ਼ਕਲ ਲਈ ਯਾਦ ਕੀਤਾ ਤਾਂ ਉਹ ਹਮੇਸ਼ਾ ਆਪਣੇ ਲੋਕਾਂ ਦੇ ਹਿੱਤਾਂ ਲਈ ਖੜ੍ਹਦੇ ਰਹੇ ਹਨ।
ਖਰੜ (ਪੱਤਰ ਪ੍ਰੇਰਕ): ਖਰੜ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾ ਲਈ ਕੁੱਲ 27 ਵਾਰਡਾਂ ਲਈ 149 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਚੋਣਾ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ ਜਾਰ ਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਵੱਲੋਂ 27, ਅਕਾਲੀ ਦਲ ਵੱਲੋਂ 21, ਭਾਜਪਾ ਵੱਲੋਂ 26, ਆਪ ਵੱਲੋਂ 20, ਬੀ.ਐਸ.ਪੀ ਵੱਲੋਂ 2 ਅਤੇ ਆਜ਼ਾਦ 53 ਉਮੀਦਵਾਰ ਆਪਣੀ ਕਿਸ਼ਮਤ ਦਾ ਫੈ਼ਸਲਾ ਕਰ ਰਹੇ ਹਨ।
ਵਿਕਾਸ ਦੀ ਥਾਂ ਵਿਨਾਸ਼ ਕਰਨ ’ਤੇ ਤੁਲੀ ਸੂਬਾ ਸਰਕਾਰ: ਰੰਧਾਵਾ
ਡੇਰਾਬੱਸੀ (ਖੇਤਰੀ ਪ੍ਰਤੀਨਿਧ): ਡੇਰਾਬੱਸੀ ਦੇ ਵਾਰਡ ਨੰਬਰ 8 ਵਿੱਚ ਪੈਂਦੀ ਜੀਬੀਪੀ ਕਲੋਨੀ ਵਿੱਚ ‘ਆਪ’ ਉਮੀਦਵਾਰ ਸੁਮਿਤ ਗੁਪਤਾ ਲਈ ਚੋਣ ਪ੍ਰਚਾਰ ਤਹਿਤ ਲੋਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਨੇ ਕੀਤੀ। ਸੁਸਾਇਟੀ ਵਾਸੀਆਂ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਦੀ ਭਰਮਾਰ ਤੇ ਸੜਕਾਂ ਦੀ ਮਾੜੀ ਹਾਲਤ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਦੀ ਅਣਦੇਖੀ ਕਾਰਨ ਜਿੱਥੇ ਲੋਕਾਂ ਵਿੱਚ ਰੋਸ਼ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਅਗਾਂਹ ਵਧੂ ਸੋਚ ਅਤੇ ਕੰਮਾਂ ਨਾਲ ਸੂਬੇ ਵਿੱਚ ਲੋਕ ‘ਆਪ’ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਚੰਡੀਗੜ੍ਹ ਨੇੜੇ ਵਸਿਆ ਡੇਰਾਬਸੀ ਸ਼ਹਿਰ ਬੁਨਿਆਦੀ ਸਹੂਲਤਾਂ, ਸਿਹਤ, ਸਿੱਖਿਆ ਅਤੇ ਬੇਰੁਜ਼ਗਾਰੀ ਕਾਰਨ ਪੱਛੜਿਆ ਹੋਇਆ ਹੈ।
ਕੰਬੋਜ ਨੇ ਸੰਭਾਲੀ ਕਾਂਗਰਸੀ ਉਮੀਦਵਾਰਾਂ ਦੇ ਪ੍ਰਚਾਰ ਦੀ ਕਮਾਨ

ਬਨੂੜ (ਪੱਤਰ ਪ੍ਰੇਰਕ): ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਕੌਂਸਲ ਦੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥ ਵਿੱਚ ਲੈਂਦਿਆਂ ਸ਼ਹਿਰ ਵਿੱਚ ਅੱਧੀ ਦਰਜਨ ਦੇ ਕਰੀਬ ਇਕੱਠਾਂ ਨੂੰ ਸੰਬੋਧਨ ਕੀਤਾ। ਵਾਰਡ ਨੰਬਰ 5 ਅਤੇ 7 ਵਿਚ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਉਮੀਦਵਾਰ ਪ੍ਰੀਤੀ ਵਾਲੀਆ ਦੇ ਸਮਰਥਕਾਂ ਵੱਲੋਂ ਕਾਂਗਰਸੀ ਵਿਧਾਇਕ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ। ਉਨ੍ਹਾਂ ਵਾਰਡ ਨੰਬਰ 7 ਤੋਂ ਪ੍ਰੀਤੀ ਵਾਲੀਆ, 3 ਤੋਂ ਪਰਮਜੀਤ ਕੌਰ, 4 ਤੋਂ ਬਲਜੀਤ ਸਿੰਘ, 5 ਤੋਂ ਆਸ਼ਾ ਰਾਣੀ, 6 ਤੋਂ ਜਗਦੀਸ਼ ਕਾਲਾ, 8 ਤੋਂ ਸੁਰਿੰਦਰ ਸੋਨੀ ਸੰਧੂ ਅਤੇ 9 ਤੋਂ ਜਤਿੰਦਰ ਸਿੰਘ ਗੋਲਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਪਿਛਲੇ ਚਾਰ ਸਾਲਾਂ ਦੌਰਾਨ ਕਰਾਏ ਵਿਕਾਸ ਕਾਰਜਾਂ ਦੇ ਨਾਂ ’ਤੇ ਵੋਟਾਂ ਮੰਗੀਆਂ।
ਗਾਇਕ ਬਿਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ
ਖਰੜ (ਪੱਤਰ ਪ੍ਰੇਰਕ): ਖਰੜ ਦੇ ਵਾਰਡ ਨੰਬਰ 7 ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਐੱਸਐੱਸ ਬਾਦਲ ਘਵੱਦੀ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਪ੍ਰਸਿੱਧ ਲੋਕ ਗਾਇਕ ਬਿਲ ਸਿੰਘ ਨੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਜ਼ਿਕਰਯੋਗ ਹੈ ਕਿ ਬਾਦਲ ਘਵੱਦੀ ਪੰਜਾਬੀ ਲੋਕ ਰੰਗ-ਮੰਚ ਮੁਹਾਲੀ ਦੇ ਪ੍ਰਧਾਨ ਹਨ ਅਤੇ ਫਿਲਮ ਕਲਾਕਾਰ ਵੀ ਹਨ। ਇਸ ਮੌਕੇ ਤੇ ਬਿਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਘਵੱਦੀ ਨੂੰ ਜੇਤੂ ਬਣਾਉਣ। ਇਸ ਮੌਕੇ ਬਾਦਲ ਘਵੱਦੀ ਨੇ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਉਮੀਦਾਂ ’ਤੇ ਪੂਰਾ ਉਤਰੇਗਾ ਅਤੇ ਇਸ ਵਾਰਡ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਪਣੀ ਵਾਹ ਲਗਾ ਦੇਵੇਗਾ।