ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਦਸੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਡਾ. ਦਰਸ਼ਨਪਾਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਨੂੰ ਇਨ੍ਹਾਂ ਮੰਗਾਂ ਦਾ ਜਲਦ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਆਗੂਆਂ ਨੇ ਦੱਸਿਆ ਕਿ 7ਵੇਂ ਪੇਅ ਸਕੇਲ ਦੀ ਮੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਾ. ਐੱਚ.ਐੱਸ. ਕਿੰਗਰਾ ਦਾ ਮਰਨ ਵਰਤ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ, ਜਿਸ ਨਾਲ ਪੰਜਾਬ ਸਰਕਾਰ ਦਾ ਉਚੇਰੀ ਸਿੱਖਿਆ ਪ੍ਰਤੀ ਬੇਰਹਿਮ ਰਵੱਈਆ ਜਗ-ਜ਼ਾਹਿਰ ਹੋ ਰਿਹਾ ਹੈ। ਡਾ. ਕਿੰਗਰਾ ਪਹਿਲੀ ਦਸੰਬਰ ਤੋਂ ਮਰਨ ਵਰਤ ’ਤੇ ਹਨ ਪਰ ਪੰਜਾਬ ਸਰਕਾਰ ਅਤੇ ਖਾਸ ਤੌਰ ’ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 7ਵੇਂ ਪੇਅ ਸਕੇਲ ਲਾਗੂ ਕਰਨ ਲਈ ਸਹਮਿਤੀ ਨਹੀਂ ਦਿੱਤੀ ਜਾ ਰਹੀ।