ਸੰਤੋਖ ਗਿੱਲ
ਗੁਰੂਸਰ ਸੁਧਾਰ, 5 ਜਨਵਰੀ
ਖ਼ਰਾਬ ਮੌਸਮ, ਮੀਂਹ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾ ਪੂਰੇ ਜੋਸ਼ ਨਾਲ ਜਾਰੀ ਹੈ। ਧਰਨੇ ਦੀ ਅਗਵਾਈ ਗੁਰਮੀਤ ਕੌਰ, ਮਨਜੀਤ ਕੌਰ ਅਤੇ ਦਰਸ਼ਨ ਕੌਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁੱਧੀਜੀਵੀ ਪ੍ਰੋ. ਜੈਪਾਲ ਸਿੰਘ, ਜਗਤਾਰ ਸਿੰਘ ਚਕੌਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਕਾਰਪੋਰੇਟ ਘਰਾਨਿਆਂ ਅਡਾਨੀਆਂ-ਅੰਬਾਨੀਆਂ ਦਾ ਬਾਈਕਾਟ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਜੜਤੌਲੀ, ਪ੍ਰਿੰਸੀਪਲ ਭੁਪਿੰਦਰ ਸਿੰਘ, ਇੰਦਰਮੋਹਣ ਸਿੰਘ, ਟਰੇਡ ਯੂਨੀਅਨ ਆਗੂ ਜਗਦੀਸ਼ ਚੰਦ, ਸ਼ਿੰਦਰ ਸਿੰਘ ਜਵੱਦੀ, ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਰੇਲਵੇ ਪਾਰਕ ਜਗਰਾਉਂ ਵਿਚ ਚੱਲ ਰਹੇ ਦਿਨ-ਰਾਤ ਸੰਘਰਸ਼ੀ ਮੋਰਚੇ ’ਚ ਅੱਜ 97ਵੇਂ ਦਿਨ ਸ਼ਹੀਦ ਊਧਮ ਸਿੰਘ ਕਲੱਬ ਜਗਰਾਉਂ ਦੇ 14 ਮੈਂਬਰ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਤੂਰ ਦੀ ਅਗਵਾਈ ਹੇਠ ਭੁੱਖ ਹੜਤਾਲ ’ਤੇ ਬੈਠੇ। ਕਲੱਬ ਦੇ ਭੁੱਖ ਹੜਤਾਲ ’ਤੇ ਬੈਠਣ ਵਾਲੇ ਮੈਂਬਰਾਂ ਵਿਚ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਖਦਰਸ਼ਨ ਸਿੰਘ ਹੈਪੀ, ਭੁਪਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਗੋਪੀ ਕਾਉਂਕੇ, ਹਰਮਿੰਦਰ ਹੈਪੀ, ਕੁਲਵੀਰ ਸ਼ੇਖਦੌਲਤ, ਭਗਵੰਤ ਸ਼ੇਰਪੁਰ ਕਲਾਂ, ਅਵਤਾਰ ਧਾਲੀਵਾਲ, ਨੰਬਰਦਾਰ ਜਗਤਾਰ ਦੇਹੜਕਾ, ਰਜਿੰਦਰ ਮਹਬਿੂਬ, ਰਤਨਦੀਪ ਗੁਰੂਸਰ, ਹਰਜਿੰਦਰ ਅਜੀਤਵਾਲ ਆਦਿ ਸ਼ਾਮਲ ਹਨ।ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਦਿਆਂ ਸ਼ਰਧਾਂਜਲੀ ਅਰਪਣ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਇਹ ਦੇਸ਼ ਕਿਸੇ ਦੀ ਨਿੱਜੀ ਸੰਪਤੀ ਨਹੀਂ। ਇਸ ਮੁਲਕ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਉਣ ਲਈ ਸਾਡੇ ਪੁਰਖਿਆਂ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ, ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ’ਚ ਸ਼ਹੀਦੀਆਂ ਦਿੱਤੀਆਂ ਗਈਆਂ, ਹੁਣ 21ਵੀਂ ਸਦੀ ਦੇ ਵਾਰਸ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।
ਚੌਂਕੀਮਾਨ ਟੌਲ ਪਲਾਜ਼ਾ ’ਤੇ ਵਰ੍ਹਦੇ ਮੀਂਹ ਵਿਚ ਮੋਦੀ ਹਕੂਮਤ ਖ਼ਿਲਾਫ਼ ਉੱਠੀਆਂ ਸੈਂਕੜੇ ਬਾਹਾਂ ਨੇ ਹੱਕਾਂ ਦੀ ਪ੍ਰਾਪਤੀ ਲਈ ਹਰ ਕੀਮਤ ਚੁਕਾਉਣ ਦਾ ਆਹਿਦ ਲਿਆ। ਇਸ ਮੌਕੇ ਆਗੂਆਂ ਤੇ ਕਿਸਾਨਾਂ ਨੇ ਹਕੂਮਤ ਨੂੰ ਦੇਸ਼ ਦੇ ਹਿੱਤਾਂ ਲਈ ਕਾਨੂੰਨ ਰੱਦ ਕਰਨ ਅਤੇ ਦੇਸ਼ ਦਾ ਲੋਕਤੰਤਰੀ ਭਵਿੱਖ ਸਵਾਰਨ ਦੀ ਗੱਲ ਆਖੀ।
ਲੁਧਿਆਣਾ (ਸਤਵਿੰਦਰ ਬਸਰਾ): ਲੋਕ ਗਾਇਕ ਕਲਾ ਮੰਚ ਐਚ ਇੰਟਰਨੈਸ਼ਨਲ ਡੇਹਲੋਂ ਇਕਾਈ ਵੱਲੋਂ ਅੱਜ ਕਿਸਾਨ ਮੋਰਚੇ ਦੇ ਹੱਕ ਵਿੱਚ ਡੇਹਲੋਂ ਚੌਕ ਤੋਂ ਲਹਿਰੇ ਟੌਲ ਪਲਾਜ਼ੇ ਧਰਨੇ ਤੱਕ ਰੋਸ ਮਾਰਚ ਇਕਾਈ ਪ੍ਰਧਾਨ ਦਾਰਾ ਘਵੱਦੀ ਦੀ ਅਗਵਾਈ ਵਿੱਚ ਕੱਢਿਆ ਗਿਆ। ਇਸ ਵਿੱਚ ਲੋਕ ਗਾਇਕ ਕਲਾ ਮੰਚ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਤੇ ਗਾਇਕ ਇੰਦਰਜੀਤ ਨਿੱਕੂ, ਮੰਚ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ, ਵਾਈਸ ਚੇਅਰਮੈਨ ਅਵਤਾਰ ਸਿੰਘ ਸੋਹੀਆਂ, ਸਰਪਰਸਤ ਜਸਵੀਰ ਢਿੱਲੋਂ, ਮਲਕੀਤ ਮੰਗਾ, ਨਿਰਪਿੰਦਰ ਸਿੰਘ, ਗੁਰਦਾਸ ਕੈੜਾ, ਬਾਵਾ ਧਾਲੀਵਾਲ, ਜਗਪਾਲ ਸੇਰਾ, ਸੁਰਾਜ ਅਲੀ ਖ਼ਾਨ, ਲੱਖਾ ਡੇਹਲੋਂ, ਸਰਬਜੀਤ ਕੌਰ ਆਦਿ ਗਾਇਕ ਸ਼ਾਮਲ ਹੋਏ। ਇਸ ਮੌਕੇ ਗੀਤਕਾਰ ਦਰਸੀ ਬਾਬਰਪੁਰੀਆ, ਬਲਵਿੰਦਰ ਡਾਂਗੋ, ਗਾਇਕ ਨਿਸੀ ਘਲੋਟੀ, ਬਿੱਕਰ ਚਾਪੜੇ ਵਾਲਾ, ਗੁਰਪ੍ਰੀਤ ਸਿੰਘ, ਚੰਨਾ ਕੈਡ, ਸਰਪੰਚ ਰਾਜਵੀਰ ਚੁਪਕੀ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਸੰਘਰਸ਼ੀ ਕਿਸਾਨਾਂ ਨੂੰ ਅਣਗੌਲਿਆ ਕਰਦੀ ਆ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਕਰਨ ਦਾ ਦਿਖਾਵਾ ਕੀਤਾ ਜਾ ਰਿਹਾ ਹੈ ਪਰ ਕਾਨੂੰਨਾਂ ਨੂੰ ਰੱਦ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਵਰਗਾਂ ਲਈ ਮਾਰੂ ਹਨ।
ਦਿੱਲੀ ਮੋਰਚੇ ਲਈ ਲੁਧਿਆਣਾ ਤੋਂ ਰਾਸ਼ਨ ਭੇਜਿਆ
ਲੁਧਿਆਣਾ (ਗਗਨ ਅਰੋੜਾ): ਦਰਬਾਰ ਸੰਤ ਆਸ਼ਰਮ ਸੰਤ ਲੋਪੋਂ ਵਾਲਿਆਂ ਵਲੋਂ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਲਈ ਚੱਲ ਰਹੇ ਲੰਗਰਾਂ ਲਈ ਰਾਸ਼ਨ ਭੇਜਿਆ ਗਿਆ। ਇਹ ਲੰਗਰ ਦਿੱਲੀ ਤੇ ਅੰਬਾਲਾ ਵਿਚ ਸੰਤ ਜਗਜੀਤ ਸਿੰਘ ਲੋਪੋਂ ਦੇ ਨਿਰਦੇਸ਼ਾਂ ’ਤੇ ਚੱਲ ਰਹੇ ਹਨ। ਅੱਜ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਰਾਸ਼ਨ ਭੇਜਿਆ ਗਿਆ। ਇਸ ਮੌਕੇ ਸੰਨੀ ਕੈਂਥ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਵਰਕਰ ਪਹਿਲਾਂ ਤੋਂ ਹੀ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਬੈਂਸ ਭਰਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਸੰਘਰਸ਼ ਦੇ ਹਰ ਪ੍ਰੋਗਰਾਮ ਵਿੱਚ ਆਪਣੇ ਸਾਥੀਆਂ ਸਣੇ ਸਮਰਥਨ ਕਰਦੇ ਰਹੇ ਹਨ ਤੇ ਭਵਿੱਖ ’ਚ ਵੀ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਦੋਰਾਹਾ ਵਿਚ ਵੀ ਲੋਕ ਇਨਸਾਫ਼ ਪਾਰਟੀ ਵਲੋਂ ਵਿਸ਼ਰਾਮ ਘਰ ਬਣਾਇਆ ਗਿਆ ਹੈ, ਜਿੱਥੇ ਕਿਸਾਨਾਂ ਲਈ ਲੰਗਰ, ਨਹਾਉਣ ਧੋਣ ਅਤੇ ਵਿਸ਼ਰਾਮ ਕਰਨ ਲਈ ਬਿਸਤਰੇ ਆਦਿ ਦਾ ਪੂਰਨ ਪ੍ਰਬੰਧ ਕੀਤਾ ਹੋਇਆ ਹੈ। ਸੰਨੀ ਕੈਂਥ ਸਾਥੀਆਂ ਸਣੇ ਲੰਗਰ ਵਿਚ ਸੇਵਾ ਕਰਨ ਲਈ ਅੰਬਾਲਾ ਤੇ ਦਿੱਲੀ ਰਾਸ਼ਨ ਲਏ ਰਵਾਨਾ ਹੋਏ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਸਰਬਜੀਤ ਸਿੰਘ, ਸੀਆਰ ਕੰਗ, ਮਨਵਿੰਦਰ ਸਿੰਘ ਗਿਆਸਪੁਰਾ, ਹਰਜੀਤ ਸਿੰਘ ਨਿੱਕਾ, ਜਗਜੀਤ ਸਿੰਘ ਡੇਹਲੋਂ, ਜੱਸ ਮਾਂਗਟ, ਰਾਜੂ ਗਰੇਵਾਲ, ਹਰਪ੍ਰੀਤ ਸਿੰਘ, ਸੁੱਖਜਿੰਦਰ ਸਿੰਘ ਤੂਰ, ਸਰਬਜੀਤ ਸਿੰਘ ਖੈਰਾ ਆਦਿ ਮੌਜੂਦ ਸਨ।