ਮੁਖਤਿਆਰ ਸਿੰਘ ਨੌਗਾਵਾਂ/ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 5 ਫਰਵਰੀ
ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਕਿਸਾਨਾਂ ਵੱਲੋਂ ਅੱਜ ਨੇੜਲੇ ਪਿੰਡ ਮਿਹੌਣ ਵਿੱਚ ਬੌਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਫਿਲਮ ‘ਲਵ ਹੋਸਟਲ’ ਦੀ ਸ਼ੂਟਿੰਗ ਰੁਕਵਾ ਦਿੱਤੀ ਗਈ। ਇਸ ਦੌਰਾਨ ਵਿਰੋਧ ਕਰਨ ਪੁੱਜੇ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਸੰਘਰਸ਼ ਵਿੱਚ ਰੋਜ਼ਾਨਾ ਕਿਸਾਨ ਸ਼ਹੀਦ ਹੋ ਰਹੇ ਹਨ ਪਰ ਫਿਲਮੀ ਕਲਾਕਾਰ ਪੰਜਾਬ ਵਿੱਚ ਫਿਲਮਾਂ ਸ਼ੂਟ ਕਰਨ ਆ ਰਹੇ ਹਨ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਫਿਲਮ ਨਿਰਮਾਤਾ ਸ਼ੰਕਰ ਰਮਨ ਦੀ ਫਿਲਮ ‘ਲਵ ਹੋਸਟਲ’ ਵਿੱਚ ਬੌਬੀ ਦਿਓਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਇਹ ਫਿਲਮ ਰੈੱਡ ਚਿੱਲੀ ਐਂਟਰਟੇਨਮੈਂਟ ਅਤੇ ਦ੍ਰਿਸ਼ਮ ਫਿਲਮ ਵੱਲੋਂ ਬਣਾਈ ਜਾ ਰਹੀ ਹੈ। ਬੇਸ਼ੱਕ ਫਿਲਮ ਦੀ ਸ਼ੂਟਿੰਗ ਲਈ ਕੰਪਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਲਈ ਸੀ ਪਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਕਿਸਾਨ ਅਤੇ ਇਲਾਕਾ ਵਾਸੀ ਸ਼ੂਟਿੰਗ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਉਥੇ ਧਰਨਾ ਲਾ ਦਿੱਤਾ।
ਧਰਨੇ ਦੀ ਅਗਵਾਈ ਕਰ ਰਹੇ ਆਗੂਆਂ ਹਰਪਾਲ ਸਿੰਘ ਰੱਤਾਖੇੜਾ, ਪ੍ਰਭਜੀਤਪਾਲ ਸਿੰਘ ਵਕੀਲ, ਭੁਪਿੰਦਰ ਸਿੰਘ ਦੂਧਨਸਾਧਾਂ, ਨਰਿੰਦਰ ਲਾਲੀ ਸੈਣੀ, ਨਵੀ ਹਾਜੀਪੁਰ ਆਦਿ ਨੇ ਕਿਹਾ ਕਿ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਚ ਜੂਝ ਰਹੇ ਹਨ। ਰੋਜ਼ ਕਈ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਹਨ ਪਰ ਆਪਣੇ ਆਪ ਨੂੰ ‘ਪੰਜਾਬ ਦਾ ਪੁੱਤਰ’ ਕਹਾਉਣ ਵਾਲੇ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਪਰਿਵਾਰ ਨੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦੀ ਜਗ੍ਹਾ ਇਸ ਦਾ ਵਿਰੋਧ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਅਡਾਨੀ, ਅੰਬਾਨੀ ਦੀਆਂ ਕੰਪਨੀਆਂ ਅਤੇ ਕਿਸਾਨੀ ਸੰਘਰਸ਼ ਦਾ ਵਿਰੋਧ ਕਰਨ ਵਾਲੇ ਫਿਲਮੀ ਕਲਾਕਾਰਾਂ ਨੂੰ ਪੰਜਾਬ ਵਿੱਚ ਫਿਲਮਾਂ ਨਹੀਂ ਸ਼ੂਟ ਕਰਨ ਦੇਣਗੇ।
ਫਿਲਮ ਦੇ ਇੱਕ ਕਲਾਕਾਰ ਨੇ ਦੱਸਿਆ ਕਿ ਇਸ ਫਿਲਮ ਦਾ ਰਿਲਾਇੰਸ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਥੇ ਬੌਬੀ ਦਿਓਲ ਆਇਆ ਹੈ।
ਅਮਰਿੰਦਰ ਬੌਬੀ ਵੱਲੋਂ ਕਲਾਕਾਰਾਂ ਨੂੰ ਕਿਸਾਨੀ ਦੇ ਹੱਕ ’ਚ ਡਟਣ ਦਾ ਸੱਦਾ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਗਾਇਕ ਅਮਰਿੰਦਰ ਬੌਬੀ ਨੇ ਬੌਲੀਵੁੱਡ ਅਦਾਕਾਰਾਂ ਤੇ ਹੋਰ ਭਾਰਤੀ ਕਲਾਕਾਰਾਂ ਨੂੰ ਕਿਸਾਨ ਸੰਘਰਸ਼ ਦੇ ਹੱਕ ’ਚ ਨਿਤਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਜੇਕਰ ਪੰਜਾਬ ਜਾਂ ਦੇਸ਼ ’ਚ ਕਿਸਾਨੀ ਬਚੀ ਤਾਂ ਹੀ ਕਲਾਕਾਰਾਂ ਦਾ ਵਸੇਬਾ ਬਣਿਆ ਰਹਿ ਸਕੇਗਾ। ਅਮਰਿੰਦਰ ਬੌਬੀ ਅੱਜ ਆਪਣੇ ਨਵੇਂ ਗੀਤ ‘ਅਹਿਸਾਸ’ ਦੀ ਪ੍ਰਮੋਸ਼ਨ ਸਬੰਧੀ ਪਟਿਆਲਾ ਮੀਡੀਆ ਕਲੱਬ ਪੁੱਜਿਆ ਹੋਇਆ ਸੀ। ਇਹ ਗੀਤ ਹਰਜਿੰਦਰ ਮੱਲ ‘ਯੂਕੇ’ ਨੇ ਲਿਖਿਆ ਹੈ, ਜਿਸ ’ਚ ਧੀਆਂ ਦੀਆਂ ਸਧਰਾਂ ’ਤੇ ਧਿਆਨ ਦਿੱਤਾ ਗਿਆ ਹੈ। ਬੌਬੀ ਨੇ ਦੱਸਿਆ ਕਿ ਉਹ ਖੁਦ ਤਿੰਨ ਵਾਰ ਦਿੱਲੀ ਕਿਸਾਨ ਮੋਰਚੇ ’ਚ ਜਾ ਕੇ ਆਇਆ ਹੈ ਪਰ ਇਸ ਗੱਲੋਂ ਦੁੱਖ ਹੋਇਆ ਹੈ ਕਿ ਕੁਝ ਨਾਮੀ ਅਦਾਕਾਰਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਤੋਂ ਮੂੰਹ ਫੇਰ ਲਿਆ ਹੈ। ਉਸ ਨੇ ਸਮੂਹ ਕਲਾਕਾਰਾਂ ਤੇ ਅਦਾਕਾਰਾਂ ਨੂੰ ਅਜੋਕੇ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਕਰਨ ਦਾ ਸੱਦਾ ਦਿੱਤਾ।