ਗੁਰਪ੍ਰੀਤ ਸਿੰਘ
ਘਨੌਰ, 19 ਫਰਵਰੀ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਪੈਂਦੇ ਹਲਕਾ ਘਨੌਰ ਦੇ ਪਿੰਡ ਘੱਗਰ ਸਰਾਏ ਵਿੱਚ ਕਿਸਾਨ ਆਗੂਆਂ ਹਰਜੀਤ ਸਿੰਘ ਟਹਿਲਪੁਰਾ, ਗਿਆਨ ਸਿੰਘ, ਗੁਰਦੇਵ ਸਿੰਘ ਜੰਡੌਲੀ, ਜਸਮੇਰ ਸਿੰਘ ਕਬੂਲਪੁਰ, ਦਰਸ਼ਨ ਸਿੰਘ ਨਰੜੂ ਅਤੇ ਸਵਰਨ ਸਿੰਘ ਧਰੇੜੀ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਕਾਰਪੋਰੇਟ ਘਰਾਣੇ ਦੇ ਤੇਲ ਗੋਦਾਮ ਨੂੰ ਬੰਦ ਕਰਵਾ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਅਡਾਨੀ, ਅੰਬਾਨੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਸਮੇਤ ਦੇਸ਼ ਦੇ ਲੱਖਾਂ ਕਿਸਾਨ-ਮਜ਼ਦੂਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਸਬੰਧੀ ਢਾਈ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਅੰਦੋਲਨ ਕਰ ਰਹੇ ਹਨ ਪਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ, ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਹਰ ਵਰਗ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰੇ ਨਹੀਂ ਚੱਲਣ ਦਿੱਤੇ ਜਾਣਗੇ। ਇਸੇ ਦੌਰਾਨ ਇਸ ਖੇਤਰ ਦੇ ਪਿੰਡ ਮਦਨਪੁਰ ਅਤੇ ਬਪਰੌਰ ਨੇੜਲੇ ਰਿਲਾਇੰਸ ਪੰਪਾਂ ’ਤੇ ਕਿਸਾਨ ਧਰਨਾ ਜਾਰੀ ਰਿਹਾ।