ਲਾਜਵੰਤ ਸਿੰਘ
ਨਵਾਂਸ਼ਹਿਰ, 28 ਜੂਨ
ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦਾ ਨਵਾਂਸ਼ਹਿਰ ਪੁੱਜਣ ’ਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ।
ਸ੍ਰੀ ਤਿਵਾੜੀ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਕਿਸਾਨਾਂ ਨੂੰ ਜਦੋਂ ਸ੍ਰੀ ਤਿਵਾੜੀ ਦੇ ਇੱਥੇ ਪੁੱਜਣ ਦਾ ਪਤਾ ਲੱਗਾ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਝੰਡੇ ਲੈ ਕੇ ਸਿਵਲ ਹਸਪਤਾਲ ਵੱਲ ਚੱਲ ਪਏ ਜਿਨ੍ਹਾਂ ਨੂੰ ਪੁਲੀਸ ਨੇ ਮੁੱਖ ਮਾਰਗ ’ਤੇ ਬੈਰੀਕੇਡ ਲਾ ਕੇ ਰੋਕ ਲਿਆ।
ਇੱਥੇ ਬੈਰੀਕੇਡ ਹਟਾਉਣ ਲਈ ਕਿਸਾਨਾਂ ਅਤੇ ਪੁਲੀਸ ਦੀ ਜ਼ੋਰ ਅਜ਼ਮਾਈ ਵੀ ਹੋਈ ਪਰ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਕਰੀਬ ਡੇਢ ਘੰਟਾ ਕਿਸਾਨ ਸ੍ਰੀ ਤਿਵਾੜੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਹਲਕਾ ਵਿਧਾਇਕ ਅੰਗਦ ਸਿੰਘ ਨੂੰ ਘੇਰ ਕੇ ਵੀ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਡਾ. ਮਨਮੋਹਨ ਸਿੰਘ ਦੀ ਸਰਕਾਰ 1990 ਵਿਚ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲੈ ਕੇ ਆਈ ਸੀ ਜਿਨ੍ਹਾਂ ਨੂੰ ਮੋਦੀ ਸਰਕਾਰ ਅੱਗੇ ਤੋਰ ਰਹੀ ਹੈ। ਕਿਸਾਨ ਸੱਤ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ, ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਉੱਤੇ ਬੈਠੇ ਹਨ। 500 ਤੋਂ ਵੱਧ ਕਿਸਾਨ ਇਸ ਘੋਲ ਵਿਚ ਸ਼ਹੀਦ ਹੋ ਚੁੱਕੇ ਹਨ ਪਰ ਕਾਂਗਰਸ, ਭਾਜਪਾ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਰੁੱਝੀਆਂ ਹੋਈਆਂ ਹਨ। ਕਿਸਾਨਾਂ ਵੱਲੋਂ ਮੁੱਖ ਮਾਰਗ ਖਾਲੀ ਕਰਨ ’ਤੇ ਸ੍ਰੀ ਤਿਵਾੜੀ ਅਤੇ ਹਲਕਾ ਵਿਧਾਇਕ ਗੱਡੀਆਂ ਵਿਚ ਬੈਠ ਕੇ ਪਿੰਡ ਜੇਠੂਮਜਾਰਾ ਵਾਲੇ ਰਸਤਿਓਂ ਨਵਾਂਸ਼ਹਿਰ ਵੱਲ ਨੂੰ ਰਵਾਨਾ ਹੋਏ।