ਪ੍ਰਭੂ ਦਿਆਲ
ਸਿਰਸਾ, 26 ਅਕਤੂਬਰ
ਇੱਥੋਂ ਦੇ ਭਾਵਦੀਨ ਟੌਲ ਪਲਾਜ਼ਾ ’ਤੇ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਾਲੇ ਝੰਡੇ ਦਿਖਾਏ ਤੇ ਕੇਂਦਰ ਤੇ ਹਰਿਆਣਾ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਖੱਟਰ ਸਿਰਸਾ ਦੇ ਪਿੰਡ ਰੰਧਾਵਾ ਵਿੱਚ ਭਾਜਪਾ-ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਨ। ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ, ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ, ਸੂਬਾਈ ਪ੍ਰਧਾਨ ਨਿਸ਼ਾਨ ਸਿੰਘ ਤੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਵੀ ਉਨ੍ਹਾਂ ਨਾਲ ਚੋਣ ਰੈਲੀ ’ਚ ਮੌਜੂਦ ਸਨ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਏਲਨਾਬਾਦ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ, ਜਿਸ ਨੂੰ ਜਿੱਤਣ ਲਈ ਸਿਆਸੀ ਪਾਰਟੀਆਂ ਆਪਣੀ ਪੂਰੀ ਵਾਹ ਲਾ ਰਹੀਆਂ ਹਨ।
ਪਿੰਡ ਰੰਧਾਵਾ ਵਿੱਚ ਖੱਟਰ ਨੇ ਗੋਬਿੰਦ ਕਾਂਡਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਭਾਜਪਾ ਰਾਜ ਦੌਰਾਨ ਕੀਤੇ ਗਏ ਕੰਮਾਂ ਨੂੰ ਗਿਣਵਾਇਆ ਅਤੇ ਨਾਂ ਲਏ ਬਿਨਾਂ ਇਨੈਲੋ ਅਤੇ ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਤੋਂ ਪਹਿਲਾਂ ਭਾਵਦੀਨ ਟੌਲ ਪਲਾਜ਼ੇ ’ਤੇ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ। ਡਿੰਗ ਰੋਡ ’ਤੇ ਵੀ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲੀਸ ਤੇ ਸੁਰੱਖਿਆ ਬਲਾਂ ਨਾਲ ਕਿਸਾਨਾਂ ਦੀ ਕਾਫੀ ਖਿੱਚ-ਧੂਹ ਵੀ ਹੋਈ। ਕਾਲੇ ਝੰਡੇ ਦਿਖਾਉਣ ਵਾਲੇ ਕਿਸਾਨਾਂ ਨੂੰ ਪੁਲੀਸ ਦੇ ਜਵਾਨ ਦੂਰ ਧੱਕ ਕੇ ਲੈ ਗਏ ਤੇ ਉਨ੍ਹਾਂ ਤੋਂ ਕਾਲੇ ਝੰਡੇ ਖੋਹ ਲਏ।
ਸੱਤ ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ: ਖੱਟਰ
ਏਲਨਾਬਾਦ (ਜਗਤਾਰ ਸਮਾਲਸਰ): ਪਿੰਡ ਰੰਧਾਵਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਜਿੱਤ ਹਮੇਸ਼ਾ ਸਿਧਾਂਤ ਅਤੇ ਸੱਚਾਈ ਨਾਲ ਖੜ੍ਹੇ ਰਹਿਣ ਵਾਲਿਆਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ 2014 ਵਿੱਚ ਭਾਜਪਾ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਨੇ ਆਪਣੇ ਚੋਣਾਵੀ ਘੋਸ਼ਣਾ ਪੱਤਰ ਵਿੱਚ ਪਾਰਦਰਸ਼ੀ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਪਿਛਲੇ ਸੱਤ ਸਾਲਾਂ ਵਿੱਚ ਸਰਕਾਰ ਨੇ ਆਪਣੇ ਦਾਅਵੇ ਨੂੰ ਬਰਕਰਾਰ ਰੱਖ ਕੇ ਜਨਤਾ ਦਾ ਵਿਸ਼ਵਾਸ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਨੈਲੋ ਅਤੇ ਕਾਂਗਰਸ ਨੇ ਸਿਰਫ ਧਰਮ ਅਤੇ ਜਾਤੀ ਦੇ ਆਧਾਰ ’ਤੇ ਲੋਕਾਂ ਨੂੰ ਵਰਗਲਾ ਕੇ ਵੋਟ ਹਥਿਆਏ ਹਨ। ਇਨ੍ਹਾਂ ਨੇ ਲੋਕਾਂ ਦੀ ਆਵਾਜ਼ ਅਤੇ ਤਕਲੀਫ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸਿਰਸਾ ਜ਼ਿਲ੍ਹੇ ਵਿੱਚ ਭਾਜਪਾ ਦਾ ਕੋਈ ਵਿਧਾਇਕ ਨਹੀਂ ਹੈ ਪਰ ਪਿਛਲੇ ਸੱਤ ਸਾਲਾਂ ਵਿੱਚ ਸਰਕਾਰ ਨੇ ਇੱਥੇ 700 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਹਨ ਅਤੇ 250 ਕਰੋੜ ਦੇ ਹਾਲੇ ਬਕਾਇਆ ਹਨ।