ਕਰਮਜੀਤ ਸਿੰਘ ਚਿੱਲਾ
ਬਨੂੜ, 15 ਫਰਵਰੀ
ਨੇੜਲੇ ਪਿੰਡ ਜੰਗਪੁਰਾ ਦੇ ਦੋ ਦਰਜਨ ਤੋਂ ਵੱਧ ਕਿਸਾਨ ਕਾਰਕੁਨਾਂ ਨੇ ਅੱਜ ਕੌਮੀ ਮਾਰਗ ਤੋਂ ਪਿੰਡ ਨੂੰ ਜਾਂਦੀ ਸੜਕ ਉੱਤੇ ਕਾਲੇ ਝੰਡੇ ਲੈ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਕਿਸਾਨ ਸੰਘਰਸ਼ ਵਿੱਚ ਦਿੱਲੀ ਦੇ ਸਿੰਘੂ ਬਾਰਡਰ ਉੱਤੇ 11 ਮਹੀਨੇ ਲਗਾਤਾਰ ਰਹਿਣ ਵਾਲੇ ਪਿੰਡ ਜੰਗਪੁਰਾ ਦੇ ਸੰਘਰਸ਼ੀ ਕਿਸਾਨ ਭੂਰਾ ਜੰਗਪੁਰਾ, ਅਮਨਦੀਪ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ, ਸਿਮਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਸ਼ੈਂਕੀ, ਜਸਪਾਲ ਸਿੰਘ, ਗੁਰਮੁਖ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਰਾਜਪੁਰਾ ਹਲਕੇ ਦੇ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਨੇ ਪ੍ਰਚਾਰ ਕਰਨ ਲਈ ਆਉਣਾ ਸੀ, ਜਿਨ੍ਹਾਂ ਦਾ ਵਿਰੋਧ ਕਰਨ ਲਈ ਉਹ ਇਕੱਤਰ ਹੋਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿੱਚ ਸਵਾ ਸੱਤ ਸੌ ਕਿਸਾਨਾਂ ਦੀਆਂ ਸ਼ਹਾਦਤਾਂ ਲਈ ਜ਼ਿੰਮੇਵਾਰ ਹੈ ਅਤੇ ਭਾਜਪਾ ਵੱਲੋਂ ਐੱਮਐੱਸਪੀ ਦੀ ਮੰਗ ਪ੍ਰਵਾਨ ਨਹੀਂ ਕੀਤੀ ਗਈ ਤੇ ਲਖੀਮਪੁਰ ਖੀਰੀ ਵਿੱਚ ਘਟਨਾ ਲਈ ਜ਼ਿੰਮੇਵਾਰ ਭਾਜਪਾ ਸਮਰਥਕਾਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣਗੇ। ਕਿਸਾਨ ਕਾਰਕੁਨਾਂ ਨੇ ਦੋ ਘੰਟੇ ਦੇ ਕਰੀਬ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਭਾਜਪਾ ਉਮੀਦਵਾਰ ਜੱਗਾ ਪਿੰਡ ਦੇ ਦੂਜੇ ਰਸਤੇ ਰਾਹੀਂ ਆਪਣੇ ਸਮਰਥਕ ਆਗੂ ਦੇ ਘਰ ਆ ਕੇ ਮੀਟਿੰਗ ਕਰਨ ਉਪਰੰਤ ਵਾਪਸ ਪਰਤ ਗਏ। ਉਹ ਪਿੰਡ ਵਿੱਚ ਨਹੀਂ ਗਏ ਅਤੇ ਨਾ ਹੀ ਕੋਈ ਇਕੱਠ ਕੀਤਾ।