ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੀ ਸਿਹਤ ਦੀ ਜਾਂਚ ਕਰਾਉਣ ਲਈ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਪੁੱਜੇ, ਜਿੱਥੇ ਮੈਡੀਕਲ ਟੀਮ ਨੇ ਉਨ੍ਹਾਂ ਦੇ ਕਰੋਨਾ ਸਮੇਤ ਹੋਰ ਜ਼ਰੂਰੀ ਟੈਸਟ ਕੀਤੇ। ਹਾਲਾਂਕਿ ਸ੍ਰੀ ਖੱਟਰ ਨੇ ਫੋਰਟਿਸ ਵਿੱਚ ਦਾਖ਼ਲ ਮਿਲਖਾ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ਡਾਕਟਰਾਂ ਨੇ ਕਰੋਨਾ ਕਾਰਨ ਉਨ੍ਹਾਂ ਨੂੰ ਨਾ ਮਿਲਣ ਦਿੱਤਾ। ਖੱਟਰ ਨੇ ਮਿਲਖਾ ਸਿੰਘ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।
ਮੈਡੀਕਲ ਜਾਂਚ ਮਗਰੋਂ ਹਸਪਤਾਲ ’ਚੋਂ ਬਾਹਰ ਆ ਕੇ ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਖੰਘ ਦੀ ਸ਼ਿਕਾਇਤ ਸੀ, ਜਿਸ ਕਰਕੇ ਉਹ ਆਪਣੇ ਨਿੱਜੀ ਡਾਕਟਰ ਕੋਲ ਚੈੱਕਅੱਪ ਕਰਾਉਣ ਆਏ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਠੀਕ ਹਨ। ਜਦੋਂ ਉਨ੍ਹਾਂ ਨੂੰ ਭਲਕੇ 26 ਮਈ ਨੂੰ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਮਨਾਏ ਜਾ ਰਹੇ ‘ਕਾਲੇ ਦਿਨ’ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਜਦੋਂ ਕਰੋਨਾ ਮਹਾਮਾਰੀ ਦਾ ਕਹਿਰ ਸਿਖਰ ’ਤੇ ਹੈ, ਕਿਸਾਨਾਂ ਨੂੰ ਇੰਨਾ ਲੰਮਾ ਅੰਦੋਲਨ ਨਹੀਂ ਚਲਾਉਣਾ ਚਾਹੀਦਾ। ਫ਼ਿਲਹਾਲ ਕਿਸਾਨਾਂ ਨੂੰ ਆਪਣਾ ਅੰਦੋਲਨ ਕੁਝ ਸਮੇਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ ਅਤੇ ਜੇ ਕਿਸਾਨਾਂ ਨੂੰ ਲੱਗੇਗਾ ਕਿ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੀ ਤਾਂ ਉਹ (ਕਿਸਾਨ) ਦੁਬਾਰਾ ਸੰਘਰਸ਼ ਸ਼ੁਰੂ ਕਰ ਸਕਦੇ ਹਨ। ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਕਿ ਹਰਿਆਣਾ ਦੀ ਸਥਿਤੀ ਬਿਲਕੁਲ ਠੀਕ ਹੈ। ਉਨ੍ਹਾਂ ਦੀ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਨੂੰ ਬਲੈਕ ਫੰਗਸ ਦੀ ਦਵਾਈ ਮਿਲ ਗਈ ਹੈ ਅਤੇ ਸਾਰੇ ਹਸਪਤਾਲਾਂ ਵਿੱਚ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।