ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੁਲਾਈ
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੰੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ 72 ਕਰੋੜ ਰੁਪਏ (ਪਿਛਲੇ ਤਿੰਨ ਸਾਲਾਂ ਤੋਂ) ਵਿੱਚੋਂ 22 ਕਰੋੜ ਰੁਪਏ ਦੀ ਅਦਾਇਗੀ ਹਰਿਆਣਾ ਦੇ ਭੂਨਾ ਸਥਿਤ ਮਿੱਲ ਦੀ ਜਾਇਦਾਦ ਵੇਚ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ। ਇੱਥੇ ਪੰਜਾਬ ਭਵਨ ਵਿੱਚ ਖੇਤੀ ਮੰਤਰੀ ਨੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਅਤੇ ਸੰਧਰ ਸ਼ੂਗਰ ਮਿੱਲ ਫਗਵਾੜਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ| ਇਸ ਦੌਰਾਨ ਉਨ੍ਹਾਂ ਮਿੱਲ ਦਾ ਆਡਿਟ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਲ ਪ੍ਰਬੰਧਕਾਂ ਨੂੰ 50 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਦਾ ਕਰਨ ਲਈ ਨੋਟਿਸ ਜਾਰੀ ਕੀਤਾ ਜਾਵੇ ਨਹੀਂ ਤਾਂ ਇਸ ਸਾਲ ਨਵੰਬਰ ਤੱਕ ਮਿੱਲ ਦੇ ਕੰਮਕਾਜ ਨੂੰ ਬੰਦ ਕਰਨਾ ਪਵੇਗਾ|