ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 13 ਅਕਤੂਬਰ
ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਦੇਵੀਦਾਸਪੁਰ ਰੇਲ ਪਟੜੀਆਂ ਉਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ 20ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਨੇ ਰੇਲ ਪਟੜੀਆਂ ’ਤੇ ਟਰੈਕਟਰ ਖੜ੍ਹੇ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਅੰਦੋਲਨ ਵਿਚ ਸ਼ਰਾਰਤੀ ਅਨਸਰ ਦਾਖ਼ਲ ਕਰਵਾ ਕੇ ਹਿੰਸਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਅੰਦੋਲਨ ਪ੍ਰਤੀ ਹਮਦਰਦੀ ਖਤਮ ਕਰਨ ਲਈ ਅੰਦੋਲਨ ’ਚ ਸ਼ਰਾਰਤੀ ਅਨਸਰਾਂ ਨੂੰ ਭੇਜ ਕੇ ਹਿੰਸਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪ੍ਰਚਾਰ ਮਾਧਿਅਮ ਰਾਹੀਂ ਸੰਘਰਸ਼ ਵਿਚ ਫੁੱਟ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਦਕਿ ਕਿਸਾਨ ਅੰਦੋਲਨ ਕੇਂਦਰ ਦੀ ਨੀਂਦ ਹਰਾਮ ਕਰੀ ਬੈਠਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਤਰੁਣ ਚੁੱਘ ਦੇ ਬਿਆਨ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਵਾਲੇ ਹਨ। ਕਿਸਾਨ ਆਗੂਆਂ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਰੂਪਾਂ ਦੀ ਰਾਖੀ ਸੰਗਤ ਖ਼ੁਦ ਕਰੇ। ਇਸ ਮੌਕੇ ਮੰਗਦੀਪ ਸਿੰਘ, ਅਮਰਦੀਪ ਸਿੰਘ, ਦਿਆਲ ਸਿੰਘ, ਜਵਾਹਰ ਸਿੰਘ, ਫ਼ਤਹਿ ਸਿੰਘ, ਅਜੀਤ ਸਿੰਘ, ਇਕਬਾਲ ਸਿੰਘ, ਲਖਵੀਰ ਸਿੰਘ, ਕੁਲਵੰਤ ਸਿੰਘ, ਹਰਭਿੰਦਰ ਸਿੰਘ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਬੁਟਾਰੀ ਰੇਲਵੇ ਸਟੇਸ਼ਨ ਨੇੜੇ ਰੇਲ ਪਟੜੀਆਂ ’ਤੇ ਦਿੱਤੇ ਧਰਨੇ ਵਿਚ ਅੱਜ ਵੱਡੀ ਗਿਣਤੀ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨ ਲਹਿਰ ਦੇ ਆਗੂ ਨਾਜਰ ਸਿੰਘ ਸੈਦਪੁਰ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਵਿਛੜੇ ਸਾਥੀ ਦੇ ਅਧੂਰੇ ਕਾਰਜ ਪੂਰੇ ਕਰਨ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਅੱਜ ਦੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਰਸਾਲ ਸਿੰਘ, ਗੁਰਮੇਜ ਸਿੰਘ, ਦੀਦਾਰ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਲਖਬੀਰ ਸਿੰਘ, ਬਲਵਿੰਦਰ ਸਿੰਘ ਦੁਧਾਲਾ, ਕਿਰਤੀ ਕਿਸਾਨ ਯੂਨੀਅਨ ਦੇ ਜਸਪਾਲ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ ਵਲਟੋਹਾ, ਰਤਨ ਸਿੰਘ ਅਤੇ ਪਿਆਰਾ ਸਿੰਘ ਦੁਗਲਵਾਲਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ, ਸੰਘਰਸ਼ ਜਾਰੀ ਰਹੇਗਾ। ਅੱਜ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦਾ ਵਫ਼ਦ ਭੁਪਿੰਦਰ ਸਿੰਘ ਤੀਰਥਪੁਰਾ ਦੀ ਅਗਵਾਈ ਹੇਠ ਸ਼ਾਮਲ ਹੋਇਆ। ਇਸ ਮੌਕੇ ਵੱਡੀ ਗਿਣਤੀ ਕਿਸਾਨ ਸ਼ਾਮਲ ਸਨ, ਜਿਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨੀ ਮੰਗਾਂ ਹੱਲ ਹੋਣ ਤਕ ਰਿਲਾਇੰਸ ਮਾਲ ਬੰਦ ਰੱਖਣ ਦੀ ਚਿਤਾਵਨੀ
ਜਲੰਧਰ (ਪਾਲ ਸਿੰਘ ਨੌਲੀ): 26 ਕਿਸਾਨ-ਮਜ਼ਦੂਰ ਯੂਨੀਅਨਾਂ ਨਾਲ ਸਬੰਧਤ ‘ਫਿਕਰ-ਏ-ਹੋਂਦ’ ਜਥੇਬੰਦੀ ਨੇ ਰਿਲਾਇੰਸ ਮਾਲ ਦੇ ਮੈਨੇਜਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਬਾਰੇ ਕੋਈ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤਕ ਪੰਜਾਬ ਵਿਚ ਅੰਬਾਨੀ ਤੇ ਅਡਾਨੀ ਨੂੰ ਕਾਰੋਬਾਰ ਕਰਨ ਲਈ ਮਾਲ ਨਹੀਂ ਖੋਲ੍ਹਣ ਦਿੱਤੇ ਜਾਣਗੇ। ਜਥੇਬੰਦੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਲਾਲੀ ਨੇ ਮੈਨੇਜਰ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਬਾਰੇ ਫ਼ੈਸਲਾ ਨਹੀਂ ਹੋ ਜਾਂਦਾ, ਇਸ ਮਾਲ ਨੂੰ ਖੋਲ੍ਹਿਆ ਨਾ ਜਾਵੇ।
ਉਗਰਾਹਾਂ ਧੜੇ ਨੇ ਸੰਘਰਸ਼ ਛੱਡਣ ਦੀਆਂ ਖ਼ਬਰਾਂ ਨਕਾਰੀਆਂ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੋਸ਼ਲ ਮੀਡੀਆ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਛੱਡੇ ਜਾਣ ਦੀਆਂ ਖ਼ਬਰਾਂ ਨੂੰ ਜਥੇਬੰਦੀ ਦੇ ਆਗੂਆਂ ਨੇ ਅਫ਼ਵਾਹ ਦੱਸਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਸੰਘਰਸ਼ ਛੱਡਿਆ ਨਹੀਂ ਜਾ ਰਿਹਾ, ਸਗੋਂ ਸੰਘਰਸ਼ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਘਰਸ਼ ’ਚ ਤਬਦੀਲੀ ਕਰ ਰਹੀ ਹੈ ਤਾਂ ਜੋ ਕੇਂਦਰ ਸਰਕਾਰ ਤਕ ਸੇਕ ਪੁੱਜ ਸਕੇ। ਪਹਿਲਾਂ ਰੇਲਾਂ ਰੋਕਣੀਆਂ, ਮਗਰੋਂ ਕਾਰਪੋਰੇਟਾਂ ਦੇ ਪੰਪਾਂ ’ਤੇ ਧਰਨੇ ਲਾਉਣੇ ਸੰਘਰਸ਼ ਦੇ ਵੱਖ ਵੱਖ ਪੜਾਅ ਸਨ ਤੇ ਹੁਣ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨਾ ਵੀ ਸੰਘਰਸ਼ ਦਾ ਪੜਾਅ ਹੈ। ਕਿਸਾਨ ਆਗੂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸੇ ਪਾਰਟੀ ਖ਼ਿਲਾਫ਼ ਨਹੀਂ ਹੈ, ਸਗੋਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਹੈ। ਆਗੂ ਨੇ ਕਿਹਾ ਕਿ ਸ਼ਹਿਰੀ ਦੁਕਾਨਦਾਰਾਂ ਤੇ ਮਜ਼ਦੂਰ ਵਰਗ ਨੂੰ ਸੰਘਰਸ਼ ’ਚ ਸ਼ਾਮਲ ਕਰਨ ਲਈ ਮੁਹਿੰਮ ਛੇੜੀ ਜਾ ਰਹੀ ਹੈ। ਇਸ ਮੌਕੇ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਅਮਰੀਕ ਸਿੰਘ ਗੰਢੂਆਂ ਵੀ ਹਾਜ਼ਰ ਸਨ।
ਲਾਡੋਵਾਲ ਧਰਨੇ ’ਚ ਕਿਸਾਨਾਂ ਦਾ ਸਾਥ ਦੇਣ ਪੁੱਜੇ ਲੱਖਾ ਸਿਧਾਣਾ
ਲੁਧਿਆਣਾ (ਗਗਨਦੀਪ ਅਰੋੜਾ): ਖੇਤੀ ਬਿੱਲਾਂ ਵਿਰੁੱਧ ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਵਿਚ ਅੱਜ ਲੱਖਾ ਸਿਧਾਣਾ ਕਿਸਾਨਾਂ ਦਾ ਸਾਥ ਦੇਣ ਲਈ ਪੁੱਜੇ। ਕਿਸਾਨਾਂ ਵੱਲੋਂ ਇੱਥੇ 7 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। ਧਰਨੇ ’ਤੇ ਬੈਠੇ ਸੈਂਕੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ ਅਤੇ ਸਰਕਾਰ ਨੂੰ ਆਵਾਜ਼ ਦੱਬਣ ਵਾਲੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੋ ਮਰਜ਼ੀ ਕਰ ਲਵੇ, ਪਰ ਕਿਸਾਨ ਇਸ ਕਾਲੇ ਕਾਨੂੰਨ ਨੂੰ ਮੰਨਣਗੇ ਨਹੀਂ। ਲਾਡੋਵਾਲ ਟੌਲ ਪਲਾਜ਼ਾ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ। ਇੱਥੇ ਕਿਸਾਨਾਂ ਦਾ ਸਾਥ ਦੇਣ ਪੁੱਜੇ ਲੱਖਾ ਸਿਧਾਣਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਕਸ਼ਮੀਰ ਤੋਂ ਬਾਅਦ ਮੋਦੀ ਸਰਕਾਰ ਦਾ ਅਗਲਾ ਨੰਬਰ ਪੰਜਾਬ ਦਾ ਹੈ। ਮੋਦੀ ਸਰਕਾਰ ਦੇਸ਼ ਨੂੰ ਇੱਕੋ ਰੰਗ ਤੇ ਧਰਮ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਦੇਸ਼ ਆਪਣੇ ਵੱਖ ਵੱਖ ਧਰਮਾਂ ਤੇ ਰੰਗਾਂ ਕਾਰਨ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਲੱਖਾ ਸਿਧਾਣਾ ਦਾ ਧੰਨਵਾਦ ਕੀਤਾ।