ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 13 ਸਤੰਬਰ
ਸਥਾਨਕ ਰੌਇਲਟਨ ਸਿਟੀ ਵਿੱਚ ਬਣੇ ਸਿਨੇਮਾ ਘਰ ’ਚ ਕੰਗਨਾ ਰਣੌਤ ਦੀ ਫਿਲਮ ‘ਤਲਾਇਵੀ’ ਦਾ ਸ਼ੋਅ ਚੱਲਣ ਬਾਰੇ ਜਾਣਕਾਰੀ ਮਿਲਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਫਿਲਮ ਚਲਾਏ ਜਾਣ ਦਾ ਵਿਰੋਧ ਕਰਦਿਆਂ ਧਰਨਾ ਦਿੱਤਾ।
ਇਸ ਮੌਕੇ ਸੁਪਿੰਦਰ ਸਿੰਘ, ਗੁਰਜੀਤ ਸਿੰਘ ਤੇ ਰੁਕਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਵਿਰੋਧੀ ਅਦਾਕਾਰਾਂ ਦੀਆਂ ਫਿਲਮਾਂ ਕਿਸੇ ਵੀ ਕੀਮਤ ’ਤੇ ਪੰਜਾਬ ਦੇ ਸਿਨੇਮਾਂ ਘਰਾਂ ਵਿੱਚ ਚੱਲਣ ਨਹੀਂ ਦਿੱਤੀਆਂ ਜਾਣਗੀਆਂ। ਇਸ ਮੌਕੇ ਮੌਜੂਦ ਕਿਸਾਨਾਂ ਨੇ ਸਿਨੇਮਾ ਘਰ ਤੇ ਕੰਗਨਾ ਰਣੌਤ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪ੍ਰਸ਼ਾਸਨ ਨਾਲ ਹੋਈ ਗੱਲਬਾਤ ਮਗਰੋਂ ਸਿਨੇਮਾ ਦੇ ਮੈਨੇਜਰ ਨਵਦੀਪ ਸਿੰਘ ਨੇ ਲਿਖਤੀ ਰੂਪ ਵਿੱਚ ਮੰਨਿਆ ਕਿ ਉਹ ਭਵਿੱਖ ਵਿੱਚ ਕਿਸੇ ਕਿਸਾਨ ਵਿਰੋਧੀ ਅਦਾਕਾਰ ਦੀ ਫਿਲਮ ਆਪਣੇ ਸਿਨੇਮਾਘਰ ਵਿੱਚ ਨਹੀਂ ਚਲਾਵੇਗਾ। ਇਸ ਦੌਰਾਨ ਫਿਲਮ ਬੰਦ ਕਰਵਾ ਕੇ ਪੋਸਟਰ ਵੀ ਲਾਹੇ ਗਏ। ਇਸੇ ਤਰ੍ਹਾਂ ਕਿਸਾਨਾਂ ਨੇ ਬਾਜ਼ਾਰ ਵਿੱਚ ਸਟੋਰਾਂ ’ਤੇ ਵਿਕ ਰਿਹਾ ਅਡਾਨੀ ਗਰੁੱਪ ਦਾ ਸਾਮਾਨ ਵੀ ਚੁਕਵਾਇਆ। ਇਸ ਮੌਕੇ ਦਲਬਾਰਾ ਸਿੰਘ, ਜਗਜੀਤ ਸਿੰਘ, ਗੁਰਤੇਜ ਸਿੰਘ, ਰਵਿੰਦਰ ਸਿੰਘ, ਰਾਜਿੰਦਰ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਅੰਮ੍ਰ੍ਰਿਤ ਸਰਾਂ, ਐਡਵੋਕੇਟ ਗੁਰਕੀਰਤਪਾਲ ਸਿੰਘ, ਗੋਪੀ ਗਿੱਲ ਤੇ ਸੁੱਖਾ ਢਿੱਲੋਂ ਮੌਜੂਦ ਸਨ।