ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਚੱਲ ਰਹੇ ਧਰਨੇ ਦੇ 42ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਸੰਜੀਦਾ ਨਹੀਂ ਹੈ। ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ ਤੇ ਹਰਜੀਤ ਸਿੰਘ ਝੀਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲੇ ਪੰਜਾਬ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਵਿਰੁੱਧ ਨਵੇਂ-ਨਵੇਂ ਪੈਂਤੜੇ ਅਜ਼ਮਾਏ ਜਾ ਰਹੇ ਹਨ, ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ’ਤੇ ਸਿਰੇ ਨਹੀਂ ਚੜ੍ਹਨ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਬੰਦ ਕਰਕੇ, ਜੀਐੱਸਟੀ ਰੋਕ ਕੇ ਅਤੇ ਦਿਹਾਤੀ ਵਿਕਾਸ ਫੰਡ ਖ਼ਤਮ ਕਰਕੇ ਪੰਜਾਬ ਦੀ ਘੇਰਾਬੰਦੀ ਕੀਤੀ ਹੋਈ ਹੈ। ਅਜਿਹੇ ਤਣਾਅ ਵਾਲੇ ਮਾਹੌਲ ਵਿੱਚ ਸਾਰਥਿਕ ਗੱਲਬਾਤ ਨਹੀਂ ਹੋ ਸਕਦੀ। ਇਸ ਲਈ ਜੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਮਾਲ ਗੱਡੀਆਂ ਚਲਾ ਕੇ ਮਾਹੌਲ ਨੂੰ ਸੁਖਾਵਾਂ ਕਰੇ। 26-27 ਨਵੰਬਰ ਨੂੰ ਦਿੱਲੀ ਜਾਣ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂਆਂ ਬਚਿੱਤਰ ਸਿੰਘ ਕੋਟਲਾ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਸੂਬੇਦਾਰ ਜੋਗਿੰਦਰ ਸਿੰਘ ਘੁਕੇਵਾਲੀ, ਅਵਤਾਰ ਸਿੰਘ ਜੱਸੜ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।