ਲਖਵਿੰਦਰ ਸਿੰਘ
ਮਲੋਟ, 23 ਅਗਸਤ
ਪੰਜਾਬ ਦੀ ਸੌ ਦਿਨਾ ਯਾਤਰਾ ਲਈ ਚੱਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇੱਥੇ ਦਾਣਾ ਮੰਡੀ ਵਿੱਚ ਸਮਾਗਮ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ ਹਲਕਾ ਮਲੋਟ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ। ਉੱਧਰ, ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਤਹਿਤ ਵੱਖ-ਵੱਖ ਪਿੰਡਾਂ ਦੇ ਕਿਸਾਨ ਦਾਣਾ ਮੰਡੀ ਵਿੱਚ ਇਕੱਤਰ ਹੋਣ ਲੱਗੇ, ਜਿਸ ਸਬੰਧੀ ਸਥਿਤੀ ਨੂੰ ਦੇਖਦਿਆਂ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਇੱਕ ਕਮੇਟੀ ਬਣਾਉਣ ਲਈ ਆਖਿਆ। ਕਿਸਾਨਾਂ ਨੇ ਲਖਨਪਾਲ ਸ਼ਰਮਾ, ਨਿਰਮਲ ਸਿੰਘ ਤੇ ਡਾ. ਕੁਲਦੀਪ ਸਿੰਘ ਸਮੇਤ 13 ਕਿਸਾਨ ਆਗੂਆਂ ਦੇ ਨਾਂ ਪੁਲੀਸ ਅਧਿਕਾਰੀਆਂ ਨੂੰ ਦਿੱਤੇ, ਜਿਨ੍ਹਾਂ ਸੁਖਬੀਰ ਬਾਦਲ ਤੋਂ ਸਵਾਲ-ਜਵਾਬ ਕਰਨੇ ਸਨ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਆਪਣਾ ਪ੍ਰੋਗਰਾਮ ਕਰ ਕੇ ਚਲੇ ਜਾਣ ਕਾਰਨ ਕਿਸਾਨ ਭਖ ਗਏ ਤੇ ਉਨ੍ਹਾਂ ਪ੍ਰਸ਼ਾਸਨ ‘ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਪ੍ਰੋਗਰਾਮ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਸੁਖਬੀਰ ਬਾਦਲ ਦੇ ਅੱਧੀ ਦਰਜਨ ਦੇ ਕਰੀਬ ਸਵਾਗਤੀ ਫਲੈਕਸ ਬੋਰਡ ਪਾੜਨ ਦੀ ਵੀ ਸੂਚਨਾ ਹੈ।
ਕਿਸਾਨਾਂ ਤੇ ਸੁਖਬੀਰ ਵਿਚਾਲੇ ਮੀਟਿੰਗ ਬੇਸਿੱਟਾ ਰਹੀ
ਫਾਜ਼ਿਲਕਾ ਰੋਡ ਸਥਿਤ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਮੁੜ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ, ਜਿਸ ਉਪਰੰਤ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਸੁਖਬੀਰ ਵਿਚਾਲੇ ਮੀਟਿੰਗ ਤੈਅ ਕੀਤੀ, ਜੋ ਬੇਸਿੱਟਾ ਰਹੀ। ਸੁਖਬੀਰ ਬਾਦਲ ਨੇ ਕਿਸਾਨ ਆਗੂਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਦਾ ਪਹਿਲਾਂ ਵੀ ਵਿਰੋਧ ਕਰਦੇ ਸਨ ਅਤੇ ਅੱਜ ਵੀ ਕਰ ਰਹੇ ਹਨ।
ਕੋਟਭਾਈ ਨੂੰ ਮਲੋਟ ਤੋਂ ਉਮੀਦਵਾਰ ਐਲਾਨਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਲੋਟ ਆਮਦ ‘ਤੇ ਸਥਾਨਕ ਅਕਾਲੀ ਆਗੂਆਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਤੇ ਪਰਮਿੰਦਰ ਸਿੰਘ ਕੋਲਿਆਂਵਾਲੀ ਸਣੇ ਵੱਡੀ ਗਿਣਤੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਕਾਫ਼ਲੇ ਨਾਲ ਮੰਚ ਤੱਕ ਲਿਆਂਦਾ ਗਿਆ। ਇਸ ਮੌਕੇ ਸੁਖਬੀਰ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ ਮਲੋਟ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ। ਇਸ ਮੌਕੇ ਸੁਖਬੀਰ ਬਾਦਲ ਦਾ ਪੁੱਤਰ ਅਨੰਤਬੀਰ ਵੀ ਸਮਾਗਮ ਵਿੱਚ ਮੌਜੂਦ ਸੀ।