ਦਵਿੰਦਰ ਪਾਲ
ਚੰਡੀਗੜ੍ਹ, 16 ਜੁਲਾਈ
ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਤਿਆਰ ‘ਪੀਪਲਜ਼ ਵ੍ਹਿਪ’ ਭਲਕੇ 17 ਜੁਲਾਈ ਤੱਕ ਸੰਸਦ ਮੈਂਬਰਾਂ ਨੂੰ ਭੇਜ ਦਿੱਤੇ ਜਾਣਗੇ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਸਾਢੇ 10 ਮਹੀਨਿਆਂ ਦੇ ਵੱਧ ਸਮੇਂ ਤੋਂ ਚਲਾਏ ਜਾ ਰਹੇ ਸੰਘਰਸ਼ ਦੌਰਾਨ ਅੱਜ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਂਦੇ ਪ੍ਰੋਗਰਾਮਾਂ ਦੇ ਸੱਦੇ ਨੂੰ ਮੁਲਕ ਭਰ ’ਚ ਮਿਲੀ ਹਮਾਇਤ ਤੋਂ ਬਾਅਦ ਹਾਕਮ ਭਾਜਪਾ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਤੇ ਕਾਰਪੋਰੇਟ ਘਰਾਣਿਆਂ ਦੀ ਤਰਫਦਾਰੀ ਛੱਡ ਕੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ।
ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਹੁਕਮਰਾਨ ਧਿਰ ਵੱਲੋਂ ਕਿਸਾਨੀ ਰੋਹ ਤੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਮੋਰਚੇ ਵੱਲੋਂ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ 22 ਜੁਲਾਈ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਲਈ ਪੰਜਾਬ ਅੰਦਰ ਸਾਰੀਆਂ ਕਿਸਾਨ ਜਥੇਬੰਦੀਆਂ ਦ੍ਰਿੜ੍ਹਤਾ ਨਾਲ ਜੁਟ ਗਈਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਲਈ ਸ਼ਾਮਲ ਹੋਣ ਵਾਲੇ ਕਿਸਾਨਾਂ ਦੇ ਵੇਰਵੇ ਇਕੱਠੇ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪਣੇ ਸ਼ੁਰੂ ਕਰ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹਰ ਰੋਜ਼ 200 ਕਿਸਾਨ ਪ੍ਰਦਰਸ਼ਨ ’ਚ ਸ਼ਮੂਲੀਅਤ ਕਰਨਗੇ ਅਤੇ ਹਰੇਕ ਜਥੇਬੰਦੀ ਦੇ 5 ਕਿਸਾਨ ਕਾਫ਼ਲਿਆਂ ’ਚ ਸ਼ਮੂਲੀਅਤ ਕਰਨਗੇ। ਕਿਸਾਨ ਜਥੇਬੰਦੀਆਂ ਰੋਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਲਈ ਜੁਟੀਆਂ ਹੋਈਆਂ ਹਨ। ਉਨ੍ਹਾਂ ਅਹਿਦ ਕੀਤਾ ਹੈ ਕਿ ਰੋਸ ਪ੍ਰਦਰਸ਼ਨ ਸ਼ਾਂਤਮਈ, ਅਨੁਸ਼ਾਸਨਮਈ ਅਤੇ ਜਥੇਬੰਦਕ ਹੋਵੇਗਾ। ਕਿਸਾਨਾਂ ਅਤੇ ਨੌਜਵਾਨਾਂ ਨੂੰ ਕਿਸੇ ਵੀ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ।
ਪੰਜਾਬ ਤੋਂ ਕਿਸਾਨਾਂ ਦੇ ਜਥਿਆਂ ਦਾ ਦਿੱਲੀ ਮੋਰਚਿਆਂ ਲਈ ਜਾਣਾ ਲਗਾਤਾਰ ਜਾਰੀ ਹੈ। ਅੱਜ ਵੀ ਮਾਨਸਾ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਰੋਪੜ, ਬਰਨਾਲਾ, ਗੁਰਦਾਸਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜੇ ਕਿਸਾਨ ਰਵਾਨਾ ਹੋਏ। ਆਗੂਆਂ ਨੇ ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ ਸਮੇਤ ਹਰੇਕ ਵਰਗ ਨੂੰ ਦਿੱਲੀ ਦੇ ਮੋਰਚਿਆਂ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਬੁਲਾਰਿਆਂ ਨੇ ਪਿਛਲੇ ਦਿਨੀਂ ਸਿਰਸਾ ’ਚ ਇੱਕ ਭਾਜਪਾ ਆਗੂ ਦੇ ਘਿਰਾਓ ਦਾ ਬਹਾਨਾ ਬਣਾ ਕੇ ਕੱਲ੍ਹ ਹਰਿਆਣਾ ਪੁਲੀਸ ਵੱਲੋਂ 5 ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਘਟਨਾ ਦਾ ਵਿਰੋਧ ਕੀਤਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਿਰਸਾ ’ਚ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ।