ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 31 ਜੁਲਾਈ
ਅੱਜ ਪਿੰਡ ਰਾਮਪੁਰ ਜੱਜਰ ਵਿੱਚ ਕਿਸਾਨਾਂ ਨੇ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਦਿਆਂ ਜਬਰਦਸਤ ਵਿਰੋਧ ਕੀਤਾ। ਜ਼ਿਲ੍ਹਾ ਰੂਪਨਗਰ ਦੇ ਐੱਸਪੀ ਦੀ ਅਗਵਾਈ ਹੇਠ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਜਿੱਥੇ ਮਦਨ ਮੋਹਨ ਮਿੱਤਲ ਅਤੇ ਉਨ੍ਹਾਂ ਦੇ ਫ਼ਰਜ਼ੰਦ ਐਡਵੋਕੇਟ ਅਰਵਿੰਦ ਮਿੱਤਲ ਸਣੇ ਭਾਜਪਾ ਵਰਕਰਾਂ ਨੂੰ ਸਖਤ ਸੁਰੱਖਿਆ ਘੇਰੇ ’ਚ ਬਾਹਰ ਕੱਢਿਆ, ਉੱਥੇ ਹੀ ਇਸ ਦੌਰਾਨ ਮਿੱਤਲ ਦੇ ਕਾਫ਼ਲੇ ਵਾਲੀ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ। ਕਿਸਾਨਾਂ ਦਾ ਪ੍ਰਦਰਸ਼ਨ ਭਖ਼ਣ ’ਤੇ ਪੰਜਾਬ ਪੁਲੀਸ ਨੂੰ ਸਖਤੀ ਕਰਨੀ ਪਈ ਅਤੇ ਪੁਲੀਸ ਨੇ ਕਿਸਾਨਾਂ ਨੂੰ ਧੂਹ ਕੇ ਖੇਤਾਂ ਵੱਲ ਸੁੱਟਿਆ। ਉੱਧਰ, ਸ੍ਰੀ ਮਿੱਤਲ ਨੇ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਹਨ, ਬਲਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਭੇਜੇ ਗਏ ਕਾਰਕੁਨਾਂ ਸਣੇ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਵੇਚਣ ਵਾਲਾ ਅਤੇ ਗ਼ੈਰਕਾਨੂੰਨੀ ਖਣਨ ਨਾਲ ਜੁੜੇ ਮਾਫ਼ੀਆ ਦੇ ਲੋਕ ਹਨ। ਇਸੇ ਦੌਰਾਨ ਜ਼ਿਲ੍ਹਾ ਪੁਲੀਸ ਦੇ ਐੱਸਪੀ ਅਜਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਕਿਸਾਨਾਂ ਨੂੰ ਪਾਸੇ ਜ਼ਰੂਰ ਕੀਤਾ ਗਿਆ ਹੈ ਪਰ ਕਿਸੇ ਤਰ੍ਹਾਂ ਦੇ ਬਲ ਦਾ ਪ੍ਰਯੋਗ ਨਹੀਂ ਕੀਤਾ ਗਿਆ।