ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 22 ਅਕਤੂਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੰਪ ਤੇ ਗੁਦਾਮਾਂ ਅੱਗੇ ਰੋਸ ਧਰਨੇ ਜਾਰੀ ਹਨ। ਇਸੇ ਤਹਿਤ ਪਿੰਡ ਬਡਾਲੀ ਆਲਾ ਸਿੰਘ ਨੇੜੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟਾਵਰਾਂ ਦੇ ਗੁਦਾਮ ਅੱਗੇ ਅਣਮਿਥੇ ਸਮੇਂ ਤੱਕ ਧਰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਨੰਬਰਦਾਰ ਹਰਬੰਸ ਸਿੰਘ ਈਸਰਹੇਲ, ਹਰਜੀਤ ਸਿੰਘ ਪੰਨੂ ਖਰੜ, ਜਗਤਾਰ ਸਿੰਘ ਚੂੜਹਹੇੜੀ, ਹੈਪੀ, ਗਗਨ ਰੜਕੀ, ਗੁਰਦੀਪ ਸਿੰਘ ਟਿੰਕੂ ਅਤੇ ਗੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਨੇ ਜੋ ਕਾਨੂੰਨ ਪਾਸ ਕੀਤੇ, ਉਹ ਹਰ ਵਰਗ ਲਈ ਮਾੜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਰਾਜਨੀਤਕ ਪਾਰਟੀਆਂ ਦਾ ਕਿਸਾਨ-ਮਜ਼ਦੂਰ ਪੱਖੀ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਉਹ ਆਪਣੇ-ਆਪਣੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਸਨ ਪਰ ਕਿਸਾਨਾਂ ਨਾਲ ਧਰਨਿਆਂ ’ਤੇ ਨਹੀਂ ਬੈਠੇ। ਆਗੂਆਂ ਨੇ ਕਿਹਾ ਕਿ ਕੁਝ ਕੁ ਰਾਜਨੀਤਕ ਆਗੂ ਕਿਸਾਨਾਂ ਨਾਲ ਬੈਠੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਰਾਜਨੀਤਕ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਹੈ, ਇਸ ਲਈ ਜਾਗਰੂਕ ਹੁੰਦਿਆਂ ਲੋਕ ਸਿਆਸੀ ਪਾਰਟੀਆਂ ਖਾਰਜ ਕਰਕੇ ਆਪਣੇ ਵਿੱਚੋਂ ਚੰਗੇ ਅਤੇ ਇਮਾਨਦਾਰ ਆਗੂ ਲੱਭਣ। ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਖੇਤੀ ਅਤੇ ਹੋਰ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬੱਬਰ, ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਹਰਭਜਨ ਸਿੰਘ ਮੌਜੂਦ ਸਨ।