ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਅਗਸਤ
ਪਿਛਲੇ ਵਰ੍ਹੇ ਮੱਕੀ ਦੀ ਫ਼ਸਲ ਨੂੰ ਸੁੰਡੀ ਲੱਗਣ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਸਬੰਧੀ ਅਜੇ ਤੱਕ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ। ਅੱਜ ਨੂਰਪੁਰ ਬੇਦੀ ਵਿੱਚ ਪੀੜਤ ਮੱਕੀ ਦੇ ਕਾਸ਼ਤਕਾਰਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਵਾ ਕੀਤਾ। ਸਾਬਕਾ ਪੰਚ ਗੁਰਨੈਬ ਸਿੰਘ ਤੇ ਪਾਖਰ ਸਿੰਘ ਨੇ ਦੱਸਿਆ ਕਿ ਬੀਤੇ ਵਰ੍ਹੇ ਇਲਾਕੇ ਭਰ ਵਿੱਚ ਸੁੰਡੀ ਲੱਗਣ ਕਾਰਨ ਮੱਕੀ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ। ਮਾਲ ਵਿਭਾਗ ਦੇ ਪਟਵਾਰੀਆਂ ਨੇ ਪਿੰਡਾਂ ਵਿੱਚ ਜਾ ਕੇ ਫ਼ਸਲਾਂ ਦੀ ਬਰਬਾਦੀ ਦਾ ਮੁਆਇਨਾ ਵੀ ਕੀਤਾ ਸੀ। ਉਸ ਤੋਂ ਬਾਅਦ ਗਿਰਦਾਵਰੀ ਨੂੰ ਲੈ ਕੇ ਬੈਂਕ ਖਾਤੇ ਤੱਕ ਲਏ ਤੇ ਫਾਰਮ ਭਰਵਾਏ ਪਰ ਨੂਰਪੁਰ ਬੇਦੀ ਦੇ ਜ਼ਿਆਦਾਤਰ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ੇ ਦੀ ਰਕਮ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸਰਕਾਰ ਰੋਜ਼ਾਨਾ ਇਸ਼ਤਿਹਾਰਬਾਜ਼ੀ ਕਰ ਕੇ ਵਧੀਆ ਕਾਰਗੁਜ਼ਾਰੀ ਦੇ ਦਾਅਵੇ ਕਰਦੀ ਹੈ ਪਰ ਪੀੜਤ ਕਿਸਾਨ ਸਾਲ ਤੋਂ ਆਪਣੀ ਪੁਰਾਣੀ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਟੇਕ ਲਗਾਈ ਬੈਠੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਲਦ ਮੁਆਵਜ਼ਾ ਨਾ ਦਿੱਤਾ ਤਾਂ ਉਹ ਵੱਡੇ ਪੱਧਰ ’ਤੇ ਇਲਾਕੇ ਵਿੱਚ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗੁਰਨੈਬ ਸਿੰਘ, ਪਾਖਰ ਸਿੰਘ, ਜੋਗਿੰਦਰ ਸਿੰਘ, ਚੂਹੜ ਰਾਮ, ਨਿਰਮਲ ਸਿੰਘ, ਜਗਨ ਨਾਥ, ਕ੍ਰਿਸ਼ਨਾ ਦੇਵੀ ਆਦਿ ਹਾਜ਼ਰ ਸਨ।