ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਜੁਲਾਈ
ਨੇੜਲੇ ਪਿੰਡ ਅਖਾੜਾ ’ਚ ਕਿਸਾਨਾਂ ਨੇ ਅੱਜ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਵਿਰੋਧ ਕੀਤਾ। ‘ਆਪ’ ਦੀ ਸੀਨੀਅਰ ਆਗੂ ਪਿੰਡ ’ਚ ਇਕ ਪਾਰਟੀ ਵਰਕਰ ਨੂੰ ਐੱਸਸੀ ਵਿੰਗ ਦਾ ਪ੍ਰਧਾਨ ਥਾਪਣ ਲਈ ਉਸ ਦੇ ਘਰ ਪਹੁੰਚੀ ਹੋਈ ਸੀ। ਇਸ ਗੱਲ ਦਾ ਪਤਾ ਜਿਵੇਂ ਹੀ ਕਿਸਾਨਾਂ ਅਤੇ ਪਿੰਡ ਦੇ ਨੌਜਵਾਨਾਂ ਨੂੰ ਲੱਗਿਆ ਤਾਂ ਉਨ੍ਹਾਂ ਸੜਕ ’ਤੇ ਧਰਨਾ ਲਾ ਕੇ ਵਿਧਾਇਕਾ ਦਾ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਦਿਖਾਈਆਂ। ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਲੋਕ ਵਿਧਾਇਕਾ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਸਰਵਜੀਤ ਮਾਣੂੰਕੇ ਨੂੰ ਉਨ੍ਹਾਂ ਰਿਕਾਰਡ ਵੋਟਾਂ ਨਾਲ ਜਿਤਾਇਆ, ਪਰ ਉਨ੍ਹਾਂ ਸਾਢੇ ਚਾਰ ਸਾਲਾਂ ’ਚ ਵੀ ਕੋਈ ਕੰਮ ਨਹੀਂ ਕੀਤਾ। ਹੁਣ ਵੀ ਉਹ ਸਿਰਫ਼ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ਦੇ ਕੰਮਾਂ ਦੀ ਗੱਲ ਕਰਕੇ ਹੀ ਵੋਟਾਂ ਮੰਗ ਰਹੀ ਹੈ। ਬਹਿਸ ਵਧਦੀ ਦੇਖ ਵਿਧਾਇਕਾ ਨੇ ਕਿਸਾਨਾਂ ਲਾਲ ਸੜਕ ’ਤੇ ਬੈਠ ਕੇ ਹੀ ਗੱਲਬਾਤ ਕੀਤੀ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹਰ ਸਿਆਸੀ ਧਿਰ ਦੇ ਆਗੂ ’ਤੇ ਪਿੰਡ ’ਚ ਵੜਨ ’ਤੇ ਰੋਕ ਲਾਈ ਹੋਈ ਹੈ। ਇਸੇ ਫ਼ੈਸਲੇ ਤਹਿਤ ਬੀਬੀ ਮਾਣੂੰਕੇ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ’ਚ ਵੀ ਕਿਸੇ ਸਿਆਸੀ ਪਾਰਟੀ ਦਾ ਆਗੂ ਪਿੰਡ ਆਵੇਗਾ ਤਾਂ ਉਸ ਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਸੰਪਰਕ ਕਰਨ ’ਤੇ ਸਰਵਜੀਤ ਮਾਣੂੰਕੇ ਨੇ ਦੱਸਿਆ ਕਿ ਕੁਝ ਕਿਸਾਨਾਂ ਤੇ ਨੌਜਵਾਨਾਂ ਵਿੱਚ ਰੋਸ ਸੀ, ਜੋ ਉਨ੍ਹਾਂ ਗੱਲਬਾਤ ਰਾਹੀਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਵੱਲੋਂ ਰਿਪੋਰਟ ਕਾਰਡ ਮੰਗਣ ’ਤੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ’ਚ ਹੋਣ ਦੇ ਬਾਵਜੂਦ ਉਨ੍ਹਾਂ ਪਿੰਡ ਅਖਾੜਾ ਦੀ ਪਾਣੀ ਵਾਲੀ ਟੈਂਕੀ ਚਾਲੂ ਕਰਵਾਉਣ ਸਮੇਤ ਮੰਡੀ ਦਾ ਫੜ੍ਹ ਤੇ ਪਿੰਡ ਦੀਆਂ ਸੜਕਾਂ ਬਣਵਾਈਆਂ ਹਨ।