ਯਸ਼ ਚਟਾਨੀ
ਬਾਘਾ ਪੁਰਾਣਾ, 22 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਬੀਬਾ ਬਾਦਲ ਅੱਜ ਇੱਥੇ ਇੱਕ ਮੈਰਿਜ ਪੈਲੇਸ ਵਿੱਚ ਮੀਟਿੰਗ ਦੇ ਬਹਾਨੇ ਅਕਾਲੀ ਵਰਕਰਾਂ ਨਾਲ ਰੈਲੀ ਕਰਨ ਪੁੱਜੇ ਸਨ। ਕਿਸਾਨਾਂ ਨੇ ਇੱਥੇ ਬੀਬਾ ਬਾਦਲ ਦਾ ਘਿਰਾਓ ਕੀਤਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਮਹੀਨੇ ਕਿਸਾਨ ਜਥੇਬੰਦੀਆਂ ਨਾਲ ਸਿਆਸੀ ਧਿਰਾਂ ਦੀ ਹੋਈ ਮੀਟਿੰਗ ਵਿੱਚ ਫ਼ੈਸਲਾ ਹੋਇਆ ਸੀ ਕਿ ਸਿਆਸੀ ਆਗੂ ਕਿਸੇ ਭੋਗ ਅਤੇ ਵਿਆਹ ਸਮਾਰੋਹ ਵਿੱਚ ਜਾ ਸਕਦੇ ਹਨ ਪਰ ਚੋਣਾਂ ਸਬੰਧੀ ਕੋਈ ਰੈਲੀ ਜਾਂ ਪ੍ਰੋਗਰਾਮ ਨਹੀਂ ਕਰਨਗੇ। ਅਕਾਲੀ ਦਲ ਨੇ ਉਦੋਂ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਸੀ। ਆਗੂਆਂ ਨੇ ਕਿਹਾ ਕਿ ਸਿਆਸੀ ਧਿਰਾਂ ਜਾਣ-ਬੁੱਝ ਕੇ ਅੰਦਰਖਾਤੇ ਰੈਲੀਆਂ ਅਤੇ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਕਰ ਰਹੀਆਂ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਦੀ ਪੁਲੀਸ ਪ੍ਰਸ਼ਾਸਨ ਨਾਲ ਵੀ ਬਹਿਸ ਹੋਈ। ਪੁਲੀਸ ਪ੍ਰਸ਼ਾਸਨ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਥੇਬੰਦੀ ਦੀਆਂ ਦੋ ਮਹਿਲਾ ਆਗੂ ਅੱਗੇ ਜਾ ਕੇ ਬੀਬਾ ਬਾਦਲ ਨਾਲ ਸੁਆਲ-ਜੁਆਬ ਕਰ ਸਕਦੀਆਂ ਹਨ ਪਰ ਪੁਲੀਸ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਕਿਸਾਨਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਇੱਥੇ ਇਕ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਪਹਿਰਾ ਦਿੱਤਾ, ਜਦਕਿ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਆਪਣੇ ਸਿਆਸੀ ਸਵਾਰਥਾਂ ਵਾਸਤੇ ਪੰਜਾਬ ਦੇ ਹਿੱਤਾਂ ਦੀ ਬਲੀ ਦਿੱਤੀ।
ਹਰਸਿਮਰਤ ਨੇ ਮੋਗਾ ਫੇਰੀ ਦੌਰਾਨ ਕੈਪਟਨ ਤੇ ਚੰਨੀ ਘੇਰੇ
ਮੋਗਾ (ਮਹਿੰਦਰ ਸਿੰਘ ਰੱਤੀਆਂ): ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਦਾ ਖ਼ਿਲਾਰਾ ਅਸਲ ਵਿੱਚ ਅਕਾਲੀ ਦਲ ਦੀ ਅਰਦਾਸ ਦਾ ਅਸਰ ਹੈ। ਅਕਾਲੀ ਦਲ ਨੇ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਸਪੱਸ਼ਟ ਆਖਿਆ ਸੀ ਕਿ ਬੇਅਦਬੀ ਉੱਤੇ ਸਿਆਸਤ, ਬੇਅਦਬੀ ਲਈ ਜ਼ਿੰਮੇਵਾਰ ਤੇ ਇਹ ਘਿਨਾਉਣੀਆਂ ਹਰਕਤਾਂ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ। ਸਾਬਕਾ ਕੇਂਦਰੀ ਮੰਤਰੀ ਬੀਬੀ ਬਾਦਲ ਨੇ ਬਾਘਾ ਪੁਰਾਣਾ, ਮੋਗਾ ਤੇ ਨਿਹਾਲ ਸਿੰਘ ਵਾਲਾ ਫ਼ੇਰੀ ਦੌਰਾਨ ਔਰਤਾਂ ਦੀ ਨਬਜ਼ ਟੋਹੀ ਅਤੇ ਉਨ੍ਹਾਂ ਨੂੰ ਕੋਲ ਬਿਠਾ ਕੇ ਬੱਚਿਆਂ ਨਾਲ ਲਾਡ ਲਡਾਏ। ਮੋਗਾ ਬਾਜ਼ਾਰ ’ਚ ਰੋਡ ਸ਼ੋਅ ਦੌਰਾਨ ਸ਼ਹਿਰੀਆਂ, ਵਪਾਰੀਆਂ ਤੇ ਨੌਜਵਾਨ ਵਰਗ ਨਾਲ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਗੱਠਜੋੜ ਕਰਨ ਬਾਰੇ ਦਿੱਤੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਤਾਂ ਭਾਜਪਾ ਨਾਲ ਪਹਿਲਾਂ ਤੋਂ ਹੀ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੇਂਦਰ ਸਰਕਾਰ ਨੂੰ ਤਕਰੀਬਨ ਅੱਧੇ ਪੰਜਾਬ ਵਿੱਚ ਪੁਲੀਸ ਦੀ ਭੂਮਿਕਾ ਖਤਮ ਕਰਨ ਲਈ ਸਹਿਮਤੀ ਦੇ ਕੇ ਇਹੋ ਕੁਝ ਕੀਤਾ ਹੈ।
ਲੁਧਿਆਣਾ (ਗੁਰਿੰਦਰ ਸਿੰਘ): ਇੱਥੇ ਅੱਜ ਵਿਧਾਨ ਸਭਾ ਹਲਕਾ ਸੈਂਟਰਲ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ 13 ਸੂਤਰੀ ਪ੍ਰੋਗਰਾਮ ਐਲਾਨਿਆ ਹੈ, ਉਸ ਨੂੰ ਸਰਕਾਰ ਬਣਦਿਆਂ ਹੀ ਲਾਗੂ ਕਰਕੇ ਪੰਜਾਬੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਪੰਜਾਬ ਅੰਦਰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਨੇ ਇਕ ਨਵੇਂ ਪੈਸੇ ਦਾ ਵਿਕਾਸ ਨਹੀਂ ਕੀਤਾ, ਜਦਕਿ ਹੁਣ ਚੰਨੀ ਸਰਕਾਰ ਵੀ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਦਿੱਲੀ ਦੇ ਗੇੜਿਆਂ ਵਿੱਚ ਰੁੱਝੀ ਪਈ ਹੈ।